ਬ੍ਰਿਟਿਸ਼ ਏਅਰਵੇਜ਼ ਨੇ ਚੀਨ ਆਉਣ-ਜਾਣ ਵਾਲੀਆਂ ਉਡਾਣਾਂ ਕੀਤੀਆਂ ਮੁਅੱਤਲ

Wednesday, Jan 29, 2020 - 02:03 PM (IST)

ਬ੍ਰਿਟਿਸ਼ ਏਅਰਵੇਜ਼ ਨੇ ਚੀਨ ਆਉਣ-ਜਾਣ ਵਾਲੀਆਂ ਉਡਾਣਾਂ ਕੀਤੀਆਂ ਮੁਅੱਤਲ

ਲੰਡਨ (ਭਾਸ਼ਾ): ਬ੍ਰਿਟਿਸ਼ ਏਅਰਵੇਜ਼ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੋ ਕੋਰੋਨਾਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਚੀਨ ਤੋਂ ਆਉਣ ਵਾਲੀਆਂ ਅਤੇ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। ਬ੍ਰਿਟਿਸ਼ ਏਅਰਵੇਜ਼ ਨੇ ਇਕ ਬਿਆਨ ਵਿਚ ਕਿਹਾ,''ਅਸੀਂ ਵਿਦੇਸ਼ ਮੰਤਰਾਲੇ (ਬ੍ਰਿਟੇਨ) ਦੀ ਸਲਾਹ ਦੇ ਬਾਅਦ ਚੀਨ ਤੋਂ ਆਉਣ ਅਤੇ ਉੱਥੇ ਜਾਣ ਵਾਲੀਆਂ ਸਾਰੀਆਂ ਉਡਾਣਾਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੀਆਂ ਹਨ।'' ਬਿਆਨ ਵਿਚ ਅੱਗੇ ਕਿਹਾ ਗਿਆ ਕਿ ਬ੍ਰਿਟੇਨ ਦੇ ਵਿਦੇਸ਼ ਦਫਤਰ ਵੱਲੋਂ ਜ਼ਿਆਦਾ ਜ਼ਰੂਰੀ ਹੋਣ 'ਤੇ ਹੀ ਚੀਨ ਦੀ ਯਾਤਰਾ ਕਰਨ ਦੀ ਸਲਾਹ ਦਿੱਤੇ ਜਾਣ ਦੇ ਬਾਅਦ ਇਹ ਕਦਮ ਚੁੱਕਿਆ ਗਿਆ।

ਇਸ ਵਿਚ ਕਿਹਾ ਗਿਆ ਹੈ,''ਅਸੀਂ ਅਸੁਵਿਧਾ ਲਈ ਆਪਣੇ ਯਾਤਰੀਆਂ ਤੋਂ ਮੁਆਫੀ ਮੰਗਦੇ ਹਾਂ ਪਰ ਸਾਡੇ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਹਮੇਸ਼ਾ ਸਾਡੀ ਤਰਜੀਹ ਹੈ।'' ਬ੍ਰਿਟਿਸ਼ ਏਅਰਵੇਜ਼ ਦੇ ਜਹਾਜ਼ ਸ਼ੰਘਾਈ ਅਤੇ ਬੀਜਿੰਗ ਲਈ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਨਿਯਮਿਤ ਰੂਪ ਨਾਲ ਉਡਾਣ ਭਰਦੇ ਹਨ। ਚੀਨ ਵਿਚ ਇਸ ਵਾਇਰਸ ਕਾਰਨ 130 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਇਨਫੈਕਟਿਡ ਹਨ। ਇਹ ਵਾਇਰਸ ਕਰੀਬ 15 ਦੇਸ਼ਾਂ ਤੱਕ ਪਹੁੰਚ ਚੁੱਕਾ ਹੈ।


author

Vandana

Content Editor

Related News