''ਲੰਡਨ ਫੈਸ਼ਨ ਵੀਕ'' ਦੇ ''ਇੰਡੀਆ ਡੇਅ'' ''ਚ ਦਿੱਸਿਆ ਭਾਰਤੀ ਸਾੜੀਆਂ ਦਾ ਜਲਵਾ

02/16/2020 2:32:21 PM

ਲੰਡਨ (ਭਾਸ਼ਾ:) 'ਲੰਡਨ ਫੈਸ਼ਨ ਵੀਕ' ਵਿਚ ਪਹਿਲੀ ਵਾਰ ਮਨਾਏ ਗਏ 'ਇੰਡੀਆ ਡੇਅ' ਵਿਚ ਭਾਰਤ ਦੇ ਵਿਭਿੰਨ ਹਿੱਸਿਆਂ ਵਿਚ ਪਾਈਆਂ ਜਾਣ ਵਾਲੀਆਂ ਸਾੜੀਆਂ ਦਾ ਜਲਵਾ ਦਿੱਸਿਆ। ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਵੱਲੋਂ ਆਯੋਜਿਤ ਇਕ ਕੈਟਵਾਕ ਲਈ ਚੁਣੀਆਂ ਗਈਆਂ 17 ਵੱਖ-ਵੱਖ ਤਰ੍ਹਾਂ ਦੀਆਂ ਸਾੜੀਆਂ ਨੇ ਲੋਕਾਂ ਦਾ ਧਿਆਨ ਆਕਰਸ਼ਿਤ ਕੀਤਾ। ਇਹਨਾਂ ਵਿਚ ਉੱਤਰੀ ਭਾਰਤ ਤੋਂ ਕਸ਼ਮੀਰੀ ਅਤੇ ਫੁਲਕਾਰੀ, ਪੱਛਮੀ ਬੰਗਾਲ ਤੋਂ ਕਾਂਥਾ ਅਤੇ ਬਾਲੂਚਰੀ, ਗੁਜਰਾਤ ਤੋਂ ਘਰਚੋਲਾ, ਮਹਾਰਾਸ਼ਟਰ ਤੋਂ ਪੈਠਣੀ, ਤਾਮਿਲਨਾਡੂ ਤੋਂ ਕਾਂਜੀਵਰਮ ਅਤੇ ਕੇਰਲ ਤੋਂ ਕਸਾਵੁ ਸਾੜੀਆਂ ਆਦਿ ਸ਼ਾਮਲ ਸਨ। 

ਬ੍ਰਿਟੇਨ ਵਿਚ ਭਾਰਤੀ ਹਾਈ ਕਮਿਸ਼ਨਰ ਰੂਚੀ ਘਨਸ਼ਾਮ ਨੇ ਕਿਹਾ,''ਸੱਭਿਆਚਾਰਕ ਵਿਰਾਸਤ ਨੂੰ ਦਿਖਾਉਣ ਲਈ ਸਾਰੇ ਲੋਕਾਂ ਤੋਂ ਸਾੜੀਆਂ ਉਧਾਰ ਲਈਆਂ ਗਈਆਂ ਸਨ। ਇਸ ਵਿਚ ਇਕ ਸਾੜੀ ਮੇਰੀ ਵੀ ਸੀ।'' ਰੂਚੀ ਨੂੰ ਸਾੜੀਆਂ ਵਿਚ ਬਹੁਤ ਦਿਲਚਸਪੀ ਹੈ ਅਤੇ ਉਹ ਸਾਰੇ ਜਨਤਕ ਪ੍ਰੋਗਰਾਮਾਂ ਵਿਚ ਸਾੜੀ ਪਹਿਨੇ ਹੀ ਨਜ਼ਰ ਆਉਂਦੀ ਹੈ। ਉਹਨਾਂ ਨੇ ਕਿਹਾ ਕਿ ਇਹ ਸਮਾਰੋਹ ਉਹਨਾਂ ਅਦਭੁੱਤ ਕਾਰੀਗਰਾਂ ਅਤੇ ਬੁਨਕਰਾਂ ਦੇ ਨਾਮ ਸੀ ਜੋ ਇਹਨਾਂ ਨੂੰ ਬਣਾਉਂਦੇ ਹਨ। ਹਰੇਕ ਰਾਜ ਦੀ ਇਕ ਵੱਖਰੀ ਬੁਣਾਈ ਹੁੰਦੀ ਹੈ ਅਤੇ ਇਕ ਸਾੜੀ ਨੂੰ ਬਣਾਉਣ ਵਿਚ ਵਿਗਿਆਨ, ਕਲਾ ਅਤੇ ਰਚਨਾਤਮਕ ਦਾ ਯੋਗਦਾਨ ਹੁੰਦਾ ਹੈ। 

ਕੇਂਦਰੀ ਕੱਪੜਾ ਮੰਤਰੀ ਸਮਰਿਤੀ ਈਰਾਨੀ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ,''ਇਹ ਹਜ਼ਾਰਾਂ ਬੁਨਾਵਟਾਂ ਤੁਹਾਡੇ ਲਈ ਭਾਰਤੀ ਕੱਪੜਿਆਂ ਦੀ ਖੁਸ਼ਹਾਲ ਵਿਭਿੰਨਤਾ ਲੈ ਕੇ ਆਈ ਹੈ। ਸਾੜੀ ਸਿਰਫ ਇਕ ਕੱਪੜਾ ਨਹੀਂ ਸਗੋਂ ਕੱਪੜਿਆਂ ਦੀ ਸਾਡੀ ਵਿਰਾਸਤ ਦੇ ਮਹੱਤਵਪੂਰਨ ਪ੍ਰਤੀਬਿੰਬ ਦੇ ਨਾਲ ਹੀ ਇਹ ਭਾਰਤੀ ਗੌਰਵ ਦਾ ਵਿਸ਼ਾ ਹੈ।'' ਬ੍ਰਿਟੇਨ ਦੇ ਵਿਦੇਸ਼ ਮੰਤਰੀ ਲਾਰਡ ਤਾਰਿਕ ਅਹਿਮਦ, ਬ੍ਰਿਟੇਨ ਵਿਚ ਇਜ਼ਰਾਈਲ ਮਾਰਕ ਰੇਗੇਵ ਅਤੇ ਬ੍ਰਿਟੇਨ ਵਿਚ ਬੰਗਲਾਦੇਸ਼ੀ ਹਾਈ ਕਮਿਸ਼ਨਰ ਸਈਦਾ ਮੁਨਾ ਤਸਨੀਮ ਨੇ ਇਸ ਖਾਸ ਸਮਾਰੋਹ ਵਿਚ ਸ਼ਿਰਕਤ ਕੀਤੀ। ਲੰਡਨ ਫੈਸ਼ਨ ਵੀਕ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਹੋਈ ਸੀ ਅਤੇ ਇਸ ਦੀ ਸਮਾਪਤੀ ਮੰਗਲਵਾਰ ਨੂੰ ਹੋਵੇਗੀ।


Vandana

Content Editor

Related News