ਲੰਡਨ ''ਚ 15 ਸਾਲਾ ਲੜਕੇ ਦੀ ਝਗੜੇ ਮਗਰੋਂ ਛੁਰੇਬਾਜ਼ੀ ਕਾਰਨ ਹੋਈ ਮੌਤ

Friday, Oct 30, 2020 - 09:19 AM (IST)

ਲੰਡਨ ''ਚ 15 ਸਾਲਾ ਲੜਕੇ ਦੀ ਝਗੜੇ ਮਗਰੋਂ ਛੁਰੇਬਾਜ਼ੀ ਕਾਰਨ ਹੋਈ ਮੌਤ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਦੇਸ਼ ਦੀ ਰਾਜਧਾਨੀ ਦੀਆਂ ਹਿੰਸਕ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਲੰਡਨ ਵਿਚ ਹੋਈ ਇਕ ਤਾਜਾ ਘਟਨਾ ਵਿਚ ਇਕ 15 ਸਾਲਾਂ ਲੜਕੇ ਦੀ ਲੜਾਈ ਦੌਰਾਨ ਚਾਕੂ ਵੱਜਣ ਕਰਕੇ ਮੌਤ ਹੋਣ ਦੀ ਖ਼ਬਰ ਹੈ। 

ਪੈਟਰੋਲਿੰਗ ਅਫ਼ਸਰਾਂ ਵਲੋਂ ਵੀਰਵਾਰ ਨੂੰ ਸ਼ਾਮ 5 ਵਜੇ ਤੋਂ ਪਹਿਲਾਂ ਗ੍ਰਾਂਟ ਲੇਨ, ਵੈਂਡਸਵਰਥ, ਦੱਖਣ-ਪੱਛਮੀ ਲੰਡਨ ਵਿਚ ਝਗੜੇ ਦੀ ਸੂਚਨਾ ਮਿਲਣ 'ਤੇ ਘਟਨਾ ਸਥਾਨ 'ਤੇ ਦੋ ਲੜਕੇ ਚਾਕੂ ਦੇ ਜ਼ਖ਼ਮਾਂ ਨਾਲ ਪੀੜਿਤ ਪਾਏ ਗਏ। ਲੰਡਨ ਐਂਬੂਲੈਂਸ ਸਰਵਿਸ ਦੁਆਰਾ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਦੋਵਾਂ ਵਿਚੋਂ ਇਕ ਦੀ ਮੌਤ ਹੋ ਗਈ। 

ਦੂਜਾ ਪੀੜਿਤ ਅਜੇ ਹਸਪਤਾਲ ਵਿਚ ਹੈ ਪਰ ਉਸ ਦੇ ਜ਼ਖਮ ਜਾਨਲੇਵਾ ਨਹੀਂ ਹਨ। ਮ੍ਰਿਤਕ ਕਿਸ਼ੋਰ ਦੀ ਅਜੇ ਰਸਮੀ ਤੌਰ ‘ਤੇ ਪਛਾਣ ਨਹੀਂ ਹੋ ਸਕੀ ਹੈ। ਇਸ ਹਮਲੇ ਦੇ ਸੰਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹ ਪੁਲਿਸ ਹਿਰਾਸਤ ਵਿਚ ਹਨ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਇਸ ਕਤਲ ਨੂੰ ‘ਭਿਆਨਕ ਅਤੇ ਦੁਖਦਾਈ’ ਦੱਸਿਆ ਹੈ ਅਤੇ ਨਾਲ ਹੀ ਲੋਕਾਂ ਨੂੰ ਪੁਲਿਸ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ ਹੈ।


author

Lalita Mam

Content Editor

Related News