ਲੰਡਨ : ਨਾਈਟ ਟਿਊਬ ਦੀ ਵਾਪਸੀ ਵਾਲੀ ਪਟੀਸ਼ਨ ''ਤੇ ਹੋਏ ਹਜ਼ਾਰਾਂ ਦਸਤਖਤ
Thursday, Oct 07, 2021 - 08:03 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਲੰਡਨ ਵਿੱਚ ਇੱਕ ਨਾਈਟ ਟਿਊਬ ਸਰਵਿਸ ਜੋ ਕਿ ਕੋਰੋਨਾ ਤਾਲਾਬੰਦੀ ਦੌਰਾਨ ਬੰਦ ਕਰ ਦਿੱਤੀ ਗਈ ਸੀ, ਨੂੰ ਔਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਦੁਬਾਰਾ ਸ਼ੁਰੂ ਕਰਨ ਲਈ ਇੱਕ ਪਟੀਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਪਟੀਸ਼ਨ ਸਾਰਾਹ ਐਵਾਰਾਰਡ ਦੇ ਕਤਲ ਤੋਂ ਬਾਅਦ ਔਰਤਾਂ ਪ੍ਰਤੀ ਚਿੰਤਾਵਾਂ ਦੇ ਮੱਦੇਨਜ਼ਰ ਸ਼ੁਰੂ ਕੀਤੀ ਗਈ। ਐਲਾ ਵਾਟਸਨ (26) ਨਾਮ ਦੀ ਮਹਿਲਾ ਦੁਆਰਾ ਸ਼ੁਰੂ ਕੀਤੀ ਇਸ ਪਟੀਸ਼ਨ 'ਤੇ 75000 ਤੋਂ ਵੱਧ ਲੋਕਾਂ ਨੇ ਦਸਤਖਤ ਕੀਤੇ ਹਨ, ਜਿਸ ਦੁਆਰਾ ਲੰਡਨ ਦੀ ਆਵਾਜਾਈ ਸੰਸਥਾ ਟ੍ਰਾਂਸਪੋਰਟ ਫਾਰ ਲੰਡਨ (ਟੀ ਐੱਫ ਐੱਲ) ਨੂੰ ਇਸ ਸਰਦੀਆਂ ਵਿੱਚ ਨਾਈਟ ਟਿਊਬ ਨੂੰ ਦੁਬਾਰਾ ਖੋਲ੍ਹਣ ਦੀ ਅਪੀਲ ਕੀਤੀ ਹੈ ਤਾਂ ਜੋ ਔਰਤਾਂ ਅਤੇ ਲੜਕੀਆਂ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕੀਤੀ ਜਾ ਸਕੇ।
ਐਲਾ ਵਾਟਸਨ ਅਨੁਸਾਰ 24 ਘੰਟਿਆਂ ਦੀ ਟਿਊਬ ਸੇਵਾ ਰੋਕਣ ਦੇ ਫੈਸਲੇ ਦਾ ਮਤਲਬ ਹੈ ਕਿ ਔਰਤਾਂ ਨੂੰ ਰਾਤ ਨੂੰ ਘਰ ਲਈ ਟੈਕਸੀਆਂ ਲੈਣ ਲਈ ਮਜਬੂਰ ਹੋਣਾ ਪਵੇਗਾ, ਜੋ ਕਿ ਉਹਨਾਂ ਲਈ ਅਸੁਰੱਖਿਅਤ ਹੈ। ਚੇਂਜ ਡੌਟ ਓ ਆਰ ਜੀ 'ਤੇ ਲਾਂਚ ਕੀਤੀ ਗਈ ਉਸਦੀ ਪਟੀਸ਼ਨ ਹੁਣ ਤੱਕ 75,000 ਤੋਂ ਵੱਧ ਦਸਤਖਤਾਂ 'ਤੇ ਪਹੁੰਚ ਚੁੱਕੀ ਹੈ ਅਤੇ ਸੰਸਦ ਵਿੱਚ ਬਹਿਸ ਹੋਣ ਤੋਂ ਪਹਿਲਾਂ ਇਸਨੂੰ 100,000 ਦਸਤਖਤਾਂ ਤੱਕ ਪਹੁੰਚਣ ਦੀ ਜ਼ਰੂਰਤ ਹੈ। ਇਸ ਟਿਊਬ ਸੇਵਾ ਦੀ ਸ਼ੁਰੂਆਤ ਅਗਸਤ 2016 ਵਿੱਚ ਕੀਤੀ ਗਈ ਸੀ।