ਸਿੱਖ ਕੌਂਸਿਲ ਆਫ ਸਕਾਟਲੈਂਡ ਵੱਲੋਂ ਸਿੱਖ ਗੁਰਧਾਮਾਂ ਦੀ ਯਾਤਰਾ ਦਾ ਆਯੋਜਨ
Wednesday, Mar 04, 2020 - 02:08 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਸਿੱਖ ਕੌਂਸਿਲ ਆਫ ਸਕਾਟਲੈਂਡ ਵੱਲੋਂ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਯਤਨ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ ਹੀ ਸਿੱਖ ਕੌਂਸਿਲ ਆਫ ਸਕਾਟਲੈਂਡ ਦੇ ਸੇਵਾਦਾਰਾਂ ਵੱਲੋਂ ਸੰਗਤਾਂ ਨੂੰ ਵੱਖ-ਵੱਖ ਸਿੱਖ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਵਾਉਣ ਦਾ ਕਾਰਜ ਉਲੀਕਿਆ ਗਿਆ। ਜਿਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਗੁਰਧਾਮਾਂ 'ਤੇ ਨਤਮਸਤਕ ਹੋਣ ਦਾ ਸੁਬਾਗ ਪ੍ਰਾਪਤ ਕੀਤਾ।
ਇਸ ਸੰਬੰਧੀ ਕੌਂਸਿਲ ਦੇ ਮੁੱਖ ਸੇਵਾਦਾਰ ਗੁਰਦੀਪ ਸਿੰਘ ਸਮਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੰਸਥਾ ਦਾ ਮੁੱਖ ਮੰਤਵ ਸਿੱਖ, ਸਿੱਖੀ ਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਉਪਰਾਲੇ ਕਰਨਾ ਹੈ। ਗੁਰੂ ਵੱਲੋਂ ਮਿਲੀ ਸਿੱਖਿਆ ਅਤੇ ਸੇਵਾ ਨੂੰ ਲੜ ਬੰਨ੍ਹ ਕੇ ਉਹ ਅਤੇ ਉਹਨਾਂ ਦੇ ਸਾਥੀ ਨਿਧੜਕ ਹੋ ਕੇ ਸੇਵਾ ਕਾਰਜਾਂ ਵਿੱਚ ਜੁਟੇ ਹੋਏ ਹਨ। ਉਹਨਾਂ ਦੱਸਿਆ ਕਿ ਇਸ ਯਾਤਰਾ ਦੌਰਾਨ ਸੰਗਤਾਂ ਵਿੱਚ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਉਤਸ਼ਾਹ ਦੇਖਣ ਵਾਲਾ ਸੀ। ਉਹਨਾਂ ਸਿੱਖਾਂ ਨੂੰ ਇਸ ਯਾਤਰਾ ਦਾ ਹਿੱਸਾ ਬਣਾ ਕੇ ਰੂਹਾਨੀ ਖੁਸ਼ੀ ਮਿਲੀ, ਜੋ ਆਪਣੇ ਕੰਮਾਂ-ਕਾਰਾਂ ਦੇ ਚਲਦਿਆਂ ਗੁਰਧਾਮਾਂ ਦੇ ਦੀਦਾਰਿਆਂ ਤੋਂ ਵਾਂਝੇ ਸਨ।
ਜਿੱਥੇ ਉਹਨਾਂ ਸਮੂਹ ਸਹਿਯੋਗੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਉੱਥੇ ਉਹਨਾਂ 50 ਸਿੱਖ ਪ੍ਰਾਣੀਆਂ ਨੂੰ ਵਧਾਈ ਪੇਸ਼ ਕੀਤੀ ਜਿਹਨਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਧਰਤੀ 'ਤੇ ਜਾ ਕੇ ਗੁਰੂ ਦੇ ਲੜ ਲੱਗਣ ਲਈ ਅੰਮ੍ਰਿਤ ਦੀ ਦਾਤ ਹਾਸਲ ਕੀਤੀ। ਇਸ ਸਮੇਂ ਉਹਨਾਂ ਦੇ ਸਾਥੀ ਡਾ: ਇੰਦਰਜੀਤ ਸਿੰਘ, ਵਿਜੇਪਾਲ ਸਿੰਘ ਵਿਰ੍ਹੀਆ, ਸੁਲੱਖਣ ਸਿੰਘ, ਗੁਰਮੇਲ ਸਿੰਘ ਧਾਮੀ, ਸਰਦਾਰਾ ਸਿੰਘ ਜੰਡੂ, ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਪੰਜਾਬੀ ਸਕੂਲ ਦੀ ਮੁੱਖ ਸੇਵਾਦਾਰ ਅਮਰਜੀਤ ਕੌਰ ਸਮੇਤ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਮੌਜੂਦ ਸਨ।