ਲੰਡਨ ਦੀਆਂ ਸੜਕਾਂ ''ਤੇ ਸ਼ੁਰੂ ਹੋਈ ਕਿਰਾਏ ਦੇ ਈ-ਸਕੂਟਰਾਂ ਦੀ ਸੇਵਾ

Friday, Jun 11, 2021 - 02:46 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਲੰਡਨ ਵਿਚ ਸਰਕਾਰ ਵੱਲੋਂ ਈ-ਸਕੂਟਰ ਦੀ ਯੋਜਨਾਬੱਧ ਰੈਂਟਲ ਸਕੀਮ ਸੋਮਵਾਰ ਨੂੰ ਸ਼ੁਰੂ ਕੀਤੀ ਗਈ ਹੈ। ਸ਼ੁਰੂਆਤੀ ਤੌਰ 'ਤੇ ਇਹਨਾਂ ਦਾ ਟਰਾਇਲ ਕੈਨਰੀ ਵ੍ਹਰਫ, ਈਲਿੰਗ, ਹੈਮਰਸਮਿਥ ਅਤੇ ਫੁਲਹੈਮ, ਕੇਨਸਿੰਗਟਨ ਅਤੇ ਚੇਲਸੀਆ ਦੇ ਨਾਲ ਰਿਚਮੰਡ ਆਦਿ ਵਿਚ ਕੀਤਾ ਗਿਆ ਹੈ। ਇਹਨਾਂ ਈ-ਸਕੂਟਰਾਂ ਦੇ ਕਿਰਾਏ ਦੀ ਕੀਮਤ 15 ਮਿੰਟ ਦੀ ਸਵਾਰੀ ਲਈ 3.25 ਪੌਂਡ ਅਤੇ 3.40 ਪੌਂਡ ਦੇ ਵਿਚਕਾਰ ਹੋਵੇਗੀ ਅਤੇ ਇਹਨਾਂ ਨੂੰ ਸਿਰਫ਼ ਸੜਕਾਂ 'ਤੇ ਹੀ ਚਲਾਉਣ ਦੀ ਇਜਾਜ਼ਤ ਹੈ। ਫੁੱਟਪਾਥ ਉੱਪਰ ਇਹਨਾਂ ਨੂੰ ਚਲਾਉਣ ਦੀ ਮਨਾਹੀ ਹੈ। ਹਰੇਕ ਓਪਰੇਟਰ ਇਸ ਨੂੰ ਅਨਲੌਕ ਕਰਨ ਲਈ ਵੀ ਇਕ ਫੀਸ ਵਸੂਲ ਕਰੇਗਾ। ਈ ਸਕੂਟਰਾਂ ਦੇ ਟਰਾਇਲ ਲਈ ਡਾਟ, ਲਾਈਮ ਅਤੇ ਟੀ. ਆਈ. ਈ. ਆਰ. ਉਪਰੇਟਰਾਂ ਨੂੰ ਚੁਣਿਆ ਗਿਆ ਹੈ। ਇਹਨਾਂ ਦਾ ਟਰਾਇਲ 12 ਮਹੀਨਿਆਂ ਤੱਕ ਚੱਲੇਗਾ ਜਿਸ ਵਿਚ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇਗੀ।

ਇਹ ਕਿਰਾਏ ਦੇ ਈ-ਸਕੂਟਰ ਪ੍ਰਾਈਵੇਟ ਈ-ਸਕੂਟਰਾਂ ਦੇ ਮੁਕਾਬਲੇ ਬਹੁਤ ਸਾਰੇ ਲਾਭ ਦਿੰਦੇ ਹਨ, ਜੋ ਉਨ੍ਹਾਂ ਨੂੰ ਲੰਡਨ ਦੀਆਂ ਸੜਕਾਂ, ਜੀ. ਪੀ. ਐਸ-ਨਿਯੰਤਰਿਤ ਪਾਰਕਿੰਗ ਅਤੇ ਨੋ-ਗੋ ਜ਼ੋਨਾਂ ਲਈ ਵਧੇਰੇ ਢੁੱਕਵੇਂ ਬਣਾਉਂਦੇ ਹਨ। ਇਹਨਾਂ ਨੂੰ ਸਿਰਫ਼ ਨਿਰਧਾਰਤ ਸਥਾਨਾਂ 'ਤੇ ਹੀ ਪਾਰਕ ਕੀਤਾ ਜਾ ਸਕਦਾ ਹੈ ਤਾਂ ਕਿ ਫੁੱਟਪਾਥ ਵਿਚ ਰੁਕਾਵਟ ਨਾ ਪਵੇ ਅਤੇ ਇਹਨਾਂ ਨੂੰ ਸੁਰੰਗਾਂ ਆਦਿ ਵਿਚ ਨਹੀਂ ਲਿਜਾਇਆ ਜਾ ਸਕਦਾ। ਹਰ ਈ-ਸਕੂਟਰ ਦਾ ਆਪਣਾ ਇਕ ਵਿਲੱਖਣ ਪਛਾਣ ਨੰਬਰ ਵੀ ਹੋਵੇਗਾ। ਇਸ ਤੋਂ ਇਲਾਵਾ, ਵਾਹਨਾਂ ਦੇ ਅਗਲੇ ਪਾਸੇ ਅਤੇ ਪਿਛਲੇ ਪਾਸੇ ਲਾਈਟ ਹਮੇਸ਼ਾ ਚਾਲੂ ਰਹੇਗੀ ਅਤੇ ਸਕੂਟਰਾਂ ਦੇ 12 ਇੰਚ ਵਿਆਸ ਵਾਲੇ ਵੱਡੇ ਪਹੀਏ ਹੋਣਗੇ। ਸਵਾਰੀਆਂ ਨੂੰ ਵੀ ਪਹਿਲੀ ਵਾਰ ਈ-ਸਕੂਟਰ ਕਿਰਾਏ 'ਤੇ ਲੈਣ ਤੋਂ ਪਹਿਲਾਂ ਇਕ ਈ-ਲਰਨਿੰਗ ਸੁਰੱਖਿਆ ਕੋਰਸ ਲੈਣਾ ਜ਼ਰੂਰੀ ਹੈ। ਉਪਰੇਟਰਾਂ ਵੱਲੋਂ ਇਸ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਨਿਯਮਤ ਤੌਰ 'ਤੇ ਨਿਗਰਾਨੀ ਅਤੇ ਸਮੀਖਿਆ ਕੀਤੀ ਵੀ ਜਾਵੇਗੀ।
 


cherry

Content Editor

Related News