ਲੰਡਨ: ਪੁਲਸ ਅਧਿਕਾਰੀਆਂ ਨੇ 13 ਸਾਲਾ ਮੁੰਡੇ ਦੀ ਤਲਾਸ਼ੀ ਲੈਂਦਿਆਂ ਕੀਤੀ ਬਦਸਲੂਕੀ

Tuesday, Sep 21, 2021 - 01:30 PM (IST)

ਲੰਡਨ: ਪੁਲਸ ਅਧਿਕਾਰੀਆਂ ਨੇ 13 ਸਾਲਾ ਮੁੰਡੇ ਦੀ ਤਲਾਸ਼ੀ ਲੈਂਦਿਆਂ ਕੀਤੀ ਬਦਸਲੂਕੀ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਦੱਖਣੀ ਲੰਡਨ ਵਿੱਚ ਪੁਲਸ ਅਧਿਕਾਰੀਆਂ ਵੱਲੋਂ ਇੱਕ 13 ਸਾਲਾ ਕਾਲੇ ਮੂਲ ਦੇ ਮੁੰਡੇ ਨਾਲ ਤਲਾਸੀ ਦੌਰਾਨ ਕਾਫੀ ਖਿੱਚ ਧੂਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ 13 ਸਾਲਾ ਮੁੰਡਾ ਬੈਂਜਾਮਿਨ ਓਲਾਜੀਵ ਪਿਛਲੇ ਮੰਗਲਵਾਰ ਨੂੰ ਮੈਕਡੋਨਲਡਸ ਜਾ ਰਿਹਾ ਸੀ। ਇਸੇ ਦੌਰਾਨ ਪੁਲਸ ਦੁਆਰਾ ਕਿਸੇ ਵੱਲੋਂ ਇੱਕ ਕਾਲੇ ਮੂਲ ਦੇ ਵਿਅਕਤੀ ਕੋਲ ਚਾਕੂ ਹੋਣ ਦੀ ਰਿਪੋਰਟ ਸਬੰਧੀ ਕਾਰਵਾਈ ਕਰਦਿਆਂ ਇਸ ਮੁੰਡੇ ਨੂੰ ਘੇਰਿਆ ਗਿਆ। ਪੁਲਸ ਵੱਲੋਂ ਸੀ ਸੀ ਟੀ ਵੀ ਵਿੱਚ ਉਸਦੀ ਪਛਾਣ ਸ਼ੱਕੀ ਵਜੋਂ ਕੀਤੀ ਗਈ ਸੀ। 

PunjabKesari

ਇਸ ਘਟਨਾ ਸਬੰਧੀ ਸਾਹਮਣੇ ਆਈ ਇੱਕ ਵੀਡੀਓ ਵਿੱਚ ਅਧਿਕਾਰੀਆਂ ਦੁਆਰਾ ਕੁੱਝ ਸਿਹਤ ਸਮੱਸਿਆਵਾਂ ਨਾਲ ਪੀੜਤ ਬੈਂਜਾਮਿਨ ਨੂੰ ਘੇਰਿਆ ਹੋਇਆ ਹੈ। ਪੁਲਸ ਵੱਲੋਂ ਉਸਦੇ ਹੱਥ ਪਿੱਛੇ ਕਰਕੇ ਹੱਥਕੜੀ ਲਗਾਈ ਜਾਂਦੀ ਹੈ ਅਤੇ ਚਾਕੂ ਲੱਭਣ ਲਈ ਇਸ ਬੱਚੇ ਦੀ ਤਲਾਸ਼ੀ ਲਈ ਜਾਦੀ ਹੈ। ਬੈਂਜਾਮਿਨ ਦੀ ਹੱਥਕੜੀ ਇੰਨੀ ਟਾਈਟ ਸੀ ਕਿ ਉਸਦਾ ਖੂਨ ਨਿੱਕਲ ਆਇਆ ਸੀ ਅਤੇ ਉਸਨੂੰ ਮਦਦ ਲਈ ਰੋਂਦਿਆਂ ਸੁਣਿਆ ਜਾ ਸਕਦਾ ਸੀ। ਪੁਲਸ ਦੁਆਰਾ ਕੀਤੀ ਖਿੱਚ ਧੂਹ ਦੌਰਾਨ ਉਸਦੀ ਅੱਖ ਵੀ ਸੁੱਜ ਗਈ। ਇਸ ਦੌਰਾਨ ਸਹਾਇਤਾ ਲਈ ਬੈਂਜਾਮਿਨ ਦੀਆਂ ਚੀਕਾਂ ਨੇ ਗਲੀ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਜੋ ਆਲੇ ਦੁਆਲੇ ਇਕੱਠੇ ਹੋਏ ਅਤੇ ਉਸਦੀ ਤੁਰੰਤ ਰਿਹਾਈ ਦੀ ਮੰਗ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਫੈਡਰਲ ਚੋਣਾਂ : ਜਸਟਿਨ ਟਰੂਡੋ ਨੇ ਜਿੱਤੀ ਚੋਣ ਪਰ ਬਹੁਮਤ ਗਵਾਇਆ

ਇਸ ਸਬੰਧੀ ਮੈਟਰੋਪੋਲੀਟਨ ਪੁਲਸ ਨੇ ਕਿਹਾ ਕਿ ਬੈਂਜਾਮਿਨ ਨੇ ਅਫਸਰਾਂ ਤੋਂ ਦੂਰ ਜਾਣ ਦੀ ਕੋਸ਼ਿਸ਼ ਕੀਤੀ, ਜਿਸ ਕਰਕੇ ਤਲਾਸ਼ੀ ਲੈਣ ਲਈ ਉਸਨੂੰ ਹੱਥਕੜੀਆਂ ਲਾਈਆਂ ਗਈਆਂ। ਪੁਲਸ ਨੇ ਇਹ ਵੀ ਦਾਅਵਾ ਕੀਤਾ ਕਿ ਉਸਨੇ ਕਈ ਵਾਰ ਪੁਲਸ ਦੀ ਕਾਰ ਨੂੰ ਲੱਤ ਵੀ ਮਾਰੀ। ਕੁੱਝ ਗਵਾਹਾਂ ਦੇ ਬਿਆਨਾਂ ਦੇ ਅਨੁਸਾਰ ਇਹ ਸਟਾਪ ਐਂਡ ਸਰਚ ਦੀ ਕਾਰਵਾਈ ਲਗਭਗ 45 ਮਿੰਟ ਤੱਕ ਚੱਲੀ ਅਤੇ ਫਿਰ ਬੈਂਜਾਮਿਨ ਨੂੰ ਇੱਕ ਵੈਨ ਵਿੱਚ ਬਿਠਾ ਕੇ ਬ੍ਰਿਕਸਟਨ ਪੁਲਸ ਸਟੇਸ਼ਨ ਲਿਜਾਇਆ ਗਿਆ। ਬਾਅਦ ਵਿਚ ਪੁਲਸ ਨੇ ਕਿਹਾ ਕਿ ਉਹ 'ਆਈਟਮ' ਜਿਸ ਬਾਰੇ ਕਿਸੇ ਨੇ ਚਾਕੂ ਹੋਣ ਬਾਰੇ ਰਿਪੋਰਟ ਦਿੱਤੀ ਸੀ, ਅਸਲ ਵਿੱਚ ਇੱਕ ਐਫਰੋ ਕੰਘੀ ਸੀ। 

ਇਸ ਬੱਚੇ ਦੀ ਮਾਂ ਜ਼ੇਨਾ ਕਡਾ ਦੁਆਰਾ ਮੈਟ ਪੁਲਸ 'ਤੇ ਉਸਦੇ ਬੱਚੇ ਦੇ ਵਿਰੁੱਧ ਬਹੁਤ ਜ਼ਿਆਦਾ ਤਾਕਤ ਦੀ ਵਰਤੋਂ ਕਰਨ ਦਾ ਦੋਸ਼ ਲਗਾ ਰਹੀ ਹੈ। ਉਸਦਾ ਦਾਅਵਾ ਹੈ ਕਿ ਕਾਰਵਾਈ ਦੌਰਾਨ ਉਸ ਨਾਲ ਹੱਥੋਪਾਈ ਕਰਨ ਦੇ ਨਾਲ ਗਲਾ ਵੀ ਘੁੱਟਿਆ ਗਿਆ ਅਤੇ ਅਧਿਕਾਰੀਆਂ ਨੇ ਉਸ ਦੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਧਿਆਨ ਵਿੱਚ ਨਹੀਂ ਰੱਖਿਆ। ਇਸ ਘਟਨਾ ਦੀ ਸਮੀਖਿਆ ਸਾਊਥ ਏਰੀਆ ਪ੍ਰੋਫੈਸ਼ਨਲ ਸਟੈਂਡਰਡ ਯੂਨਿਟ ਦੁਆਰਾ ਕੀਤੀ ਜਾ ਰਹੀ ਹੈ।
 


author

Vandana

Content Editor

Related News