ਲੰਡਨ ''ਚ ਪੁਲਸ ਨੇ ਇਕ ਹਫ਼ਤੇ ਦੌਰਾਨ ਜ਼ਬਤ ਕੀਤੇ 500 ਤੋਂ ਵੱਧ ਈ-ਸਕੂਟਰ

Saturday, Jun 26, 2021 - 03:34 PM (IST)

ਲੰਡਨ ''ਚ ਪੁਲਸ ਨੇ ਇਕ ਹਫ਼ਤੇ ਦੌਰਾਨ ਜ਼ਬਤ ਕੀਤੇ 500 ਤੋਂ ਵੱਧ ਈ-ਸਕੂਟਰ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਰਾਜਧਾਨੀ ਲੰਡਨ ਵਿਚ ਪੁਲਸ ਨੇ ਪਿਛਲੇ ਹਫ਼ਤੇ ਸੈਂਕੜੇ ਈ-ਸਕੂਟਰ ਜ਼ਬਤ ਕੀਤੇ ਹਨ। ਇਸ ਸਬੰਧੀ ਮੈਟਰੋਪੋਲੀਟਨ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਕਾਰੀਆਂ ਨੇ ਰਾਜਧਾਨੀ ਦੇ ਕਈ ਖੇਤਰਾਂ ਵਿਚ ਗਸ਼ਤ ਦੌਰਾਨ 507 ਈ-ਸਕੂਟਰਾਂ ਨੂੰ ਜ਼ਬਤ ਕੀਤਾ ਹੈ। ਪੁਲਸ ਵੱਲੋਂ ਇਹ ਕਾਰਵਾਈ ਪ੍ਰਾਈਵੇਟ (ਨਿੱਜੀ) ਈ-ਸਕੂਟਰਾਂ ਦੀ ਵੱਧ ਰਹੀ ਵਰਤੋਂ ਨੂੰ ਰੋਕਣ ਲਈ ਸ਼ੁਰੂ ਕੀਤੀ ਗਈ ਜੋ ਕਿ ਯੂਕੇ ਵਿਚ ਸਿਰਫ਼ ਨਿੱਜੀ ਜ਼ਮੀਨ 'ਤੇ ਹੀ ਕਾਨੂੰਨੀ ਤੌਰ 'ਤੇ ਚਲਾਏ ਜਾ ਸਕਦੇ ਹਨ ਅਤੇ ਈ-ਸਕੂਟਰਾਂ ਦੀ ਨਿੱਜੀ ਵਰਤੋਂ ਲੰਡਨ ਦੀਆਂ ਸੜਕਾਂ 'ਤੇ ਗੈਰ ਕਾਨੂੰਨੀ ਹੈ।

ਜੇਕਰ ਲੋਕ ਲੰਡਨ ਦੀਆਂ ਜਨਤਕ ਸੜਕਾਂ 'ਤੇ ਨਿੱਜੀ ਈ-ਸਕੂਟਰਾਂ ਦੀ ਵਰਤੋਂ ਕਰਦੇ ਹਨ ਤਾਂ ਜੁਰਮਾਨੇ ਦੇ ਨਾਲ ਉਹਨਾਂ ਦੇ ਈ-ਸਕੂਟਰ ਵੀ ਜ਼ਬਤ ਕੀਤੇ ਜਾ ਸਕਦੇ ਹਨ। ਕਾਨੂੰਨੀ ਤੌਰ 'ਤੇ ਸੜਕਾਂ 'ਤੇ ਈ-ਸਕੂਟਰ ਚਲਾਉਣ ਲਈ ਪਿਛਲੇ ਸਾਲ ਜੁਲਾਈ ਤੋਂ ਬ੍ਰਿਟਿਸ਼ ਸ਼ਹਿਰਾਂ ਵਿਚ ਦਰਜਨਾਂ ਕਾਨੂੰਨੀ ਤੌਰ 'ਤੇ ਈ-ਸਕੂਟਰ ਕਿਰਾਏ ਦੀਆਂ ਸਕੀਮਾਂ ਲਾਂਚ ਕੀਤੀਆਂ ਗਈਆਂ ਹਨ ਅਤੇ ਇਸ ਮਹੀਨੇ ਦੇ ਸ਼ੁਰੂ ਵਿਚ ਲੰਡਨ ਦੇ ਕੁੱਝ ਹਿੱਸਿਆਂ ਵਿਚ ਵੀ ਇਸ ਦੇ ਕਾਨੂੰਨੀ ਰੈਂਟਲ ਟ੍ਰਾਇਲ ਸ਼ੁਰੂ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਈ-ਸਕੂਟਰ ਚਲਾਉਣ ਲਈ ਸੁਰੱਖਿਆ ਇਕ ਚਿੰਤਾ ਦਾ ਵਿਸ਼ਾ ਰਹੀ ਹੈ। ਇਸ ਦੀ ਸਵਾਰੀ ਦੌਰਾਨ ਹੋਏ ਕੁੱਝ ਹਾਦਸਿਆਂ ਨੇ ਲੋਕਾਂ ਦੀ ਜਾਨ ਵੀ ਲਈ ਹੈ। ਜਿਸ ਦੀ ਤਾਜਾ ਘਟਨਾ ਵਿਚ ਈ-ਸਕੂਟਰ ਸਵਾਰ ਸ਼ਕੂਰ ਪਿਨੌਕ (20) ਦੀ ਵੁਲਵਰਹੈਪਟਨ ਵਿਚ ਕਾਰ ਨਾਲ ਹੋਏ ਹਾਦਸੇ ਦੇ 6 ਦਿਨਾਂ ਬਾਅਦ 18 ਜੂਨ ਨੂੰ ਹਸਪਤਾਲ ਵਿਚ ਮੌਤ ਹੋ ਗਈ ਸੀ।
 


author

cherry

Content Editor

Related News