ਲੰਡਨ ''ਚ ਇੱਕ ਬੱਚੇ ਸਮੇਤ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ

10/7/2020 6:30:09 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) :ਲੰਡਨ ਦੇ ਇੱਕ ਫਲੈਟ ਵਿੱਚ ਇੱਕ ਤਿੰਨ ਸਾਲਾ ਬੱਚੇ ਅਤੇ ਉਸਦੇ ਮਾਤਾ ਪਿਤਾ ਦੀ ਮੌਤ ਹੋਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧ ਵਿੱਚ ਪੁਲਿਸ ਨੇ ਬਰੈਂਟਫੋਰਡ ਦੇ ਫਲੈਟ ਵਿੱਚ ਮ੍ਰਿਤਕ ਮਿਲੀ ਮਾਂ ਅਤੇ ਬੱਚੇ ਦੀ ਤਸਵੀਰ ਵੀ ਜਾਰੀ ਕੀਤੀ ਹੈ। ਮੰਨਿਆ ਜਾਂਦਾ ਹੈ ਕਿ 36 ਸਾਲਾ ਪੂਰਨਾ ਕਾਮੇਸ਼ਵਰੀ ਸਿਵਰਾਜ ਅਤੇ ਉਸਦਾ ਬੇਟਾ ਕੈਲਾਸ਼ ਕੁਹਾਰਾਜ ਬਰੈਂਟਫੋਰਡ ਦੇ ਕਲੇਅਪੌਂਡਜ਼ ਲੇਨ ਵਿੱਚ ਉਨ੍ਹਾਂ ਦੀਆਂ ਲਾਸ਼ਾਂ ਮਿਲਣ ਤੋਂ ਕੁਝ ਸਮਾਂ ਪਹਿਲਾਂ ਮਰ ਗਏ ਸਨ। ਜਦਕਿ ਉਸ ਦਾ ਪਤੀ 42 ਸਾਲਾ ਕੁਹਾਰਾਜ ਸੀਤਮਪਰਥਨ ਪੁਲਿਸ ਨੂੰ ਚਾਕੂ ਦੇ ਜ਼ਖਮਾਂ ਨਾਲ ਘਟਨਾ ਸਥਾਨ 'ਤੇ ਮਿਲਿਆ ਅਤੇ ਉਸ ਨੂੰ ਮੌਕੇ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ। 

ਇਸ ਘਟਨਾ ਸੰਬੰਧੀ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੋਸਟ ਮਾਰਟਮ ਦੀਆਂ ਰਿਪੋਰਟਾਂ ਵੀਰਵਾਰ (8 ਅਕਤੂਬਰ) ਨੂੰ ਜਾਰੀ ਹੋਣੀਆਂ ਹਨ। ਪੁਲਿਸ ਨੇ ਦੱਸਿਆ ਕਿ ਇਸ ਮਾਂ ਅਤੇ ਪੁੱਤਰ ਨੂੰ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਨਹੀਂ ਵੇਖਿਆ ਸੀ। ਚੀਫ ਇੰਸਪੈਕਟਰ ਸਾਈਮਨ ਹਾਰਡਿੰਗ ਮੁਤਾਬਕ, ਅਜੇ ਇਸ ਦੀ ਜਾਂਚ ਸ਼ੁਰੂਆਤੀ ਅਵਸਥਾ ਵਿੱਚ ਹੈ ਪਰ ਸਥਿਤੀ ਤੋਂ ਲੱਗਦਾ ਹੈ ਕਿ ਪੂਰਨਾ ਅਤੇ ਕੈਲਾਸ਼ ਪਿਛਲੇ ਕੁਝ ਸਮੇਂ ਤੋਂ ਮਰ ਚੁੱਕੇ ਸਨ। 

ਇਸ ਮਾਮਲੇ ਵਿੱਚ ਪੁਲਿਸ ਨੂੰ ਸ਼ੁਰੂਆਤ ਵਿੱਚ ਐਤਵਾਰ (4 ਅਕਤੂਬਰ) ਦੇਰ ਰਾਤ ਇੱਕ ਪਰਿਵਾਰਕ ਮੈਂਬਰ ਦਾ ਇੱਕ ਫੋਨ ਆਇਆ ਜਿਸ ਵਿੱਚ ਪੂਰਨਾ ਬਾਰੇ ਚਿੰਤਾ ਜਤਾਈ ਗਈ ਸੀ। ਫਿਰ ਅਧਿਕਾਰੀ ਸੋਮਵਾਰ ਨੂੰ ਕਈ ਵਾਰ ਸੰਬੰਧਿਤ ਪਤੇ 'ਤੇ ਗਏ ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਜਿਵੇਂ-ਜਿਵੇਂ ਦਿਨ ਵਧਦਾ ਗਿਆ ਅਤੇ ਗੁਆਂਢੀਆਂ ਨਾਲ ਗੱਲਬਾਤ ਕਰਨ ਤੋਂ ਪੁਲਿਸ ਦੀ ਚਿੰਤਾ ਤੇਜ਼ ਹੋ ਗਈ ਅਤੇ ਉਹਨਾਂ ਨੂੰ ਘਰ ਵਿੱਚ ਧੱਕੇ ਨਾਲ ਦਾਖਲ ਹੋਣ ਲਈ ਮਜਬੂਰ ਹੋਣਾ ਪਿਆ। ਇਹ ਮੰਨਿਆ ਜਾਂਦਾ ਹੈ ਕਿ ਜਦੋਂ ਅਧਿਕਾਰੀ ਘਰ ਵਿੱਚ ਦਾਖਲ ਹੋਏ ਤਾਂ ਰਾਜ ਸੀਤਮਪਰਥਨ ਨੇ ਖੁਦ ਨੂੰ ਚਾਕੂ ਨਾਲ ਜ਼ਖਮੀ ਕਰ ਲਿਆ। ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਘਟਨਾ ਨਾਲ ਸਥਾਨਕ ਵਾਸੀ ਡੂੰਘੇ ਦੁੱਖ ਅਤੇ ਸਦਮੇ ਵਿੱਚ ਹਨ।


Vandana

Content Editor Vandana