ਲੈਸਟਰ ਵੱਸਦੇ ਪੰਜਾਬੀ ਕਵੀ ਬਲਿਹਾਰ ਸਿੰਘ ਰੰਧਾਵਾ ਨੇ ਪੰਜਾਬੀ ਲੇਖਕਾਂ ਨੂੰ ਦਿੱਤਾ ਸੁਨੇਹਾ

11/22/2019 4:40:36 PM

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਪਿਛਲੇ ਪੰਜਾਹ ਸਾਲਾਂ ਤੋਂ ਇੰਗਲੈਂਡ ਵਿਚ ਵੱਸਦੇ ਪੰਜਾਬੀ ਕਵੀ, ਚਿੰਤਕ ਤੇ ਸਰਗਰਮ ਰਹੇ ਸਮਾਜਿਕ ਆਗੂ ਬਲਿਹਾਰ ਸਿੰਘ ਰੰਧਾਵਾ ਪਿਛਲੇ ਨੌਂ ਸਾਲ ਤੋਂ ਸੜਕ ਹਾਦਸੇ ਵਿੱਚ ਲੱਗੀਆਂ ਗੰਭੀਰ ਸੱਟਾਂ ਕਾਰਨ ਲੈਸਟਰ ਸਥਿਤ ਆਪਣੇ ਘਰ ਵਿੱਚ ਹੀ ਫੋਨ ਰਾਹੀਂ ਸਾਹਿਤ ਸੰਸਾਰ ਨਾਲ ਜੁੜੇ ਹੋਏ ਹਨ ਅਤੇ ਨਿਰੰਤਰ ਸਾਹਿਤ ਸਿਰਜਣਾ ਕਰ ਰਹੇ ਹਨ।  ਪੰਜਾਬ ਤੋਂ ਆਏ ਉਨ੍ਹਾਂ ਦੇ ਪੁਰਾਣੇ ਮਿੱਤਰ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਬਰਮਿੰਘਮ ਵੱਸਦੇ ਇਤਿਹਾਸ ਲੇਖਕ ਬਲਵਿੰਦਰ ਸਿੰਘ ਚਾਹਲ ਸਮੇਤ ਲੈਸਟਰ ਵਿਖੇ ਉਨ੍ਹਾਂ ਦੇ ਗ੍ਰਹਿ ਪੁੱਜ ਕੇ ਸੁਖਸਾਂਦ ਪੁੱਛੀ ਤੇ ਪੰਜਾਬ ਦੇ ਸਮੂਹ ਲੇਖਕਾਂ ਵੱਲੋਂ ਸ਼ੁਭ ਕਾਮਨਾਵਾਂ ਦਿੱਤੀਆਂ। 

ਪ੍ਰੋ: ਗਿੱਲ ਨੇ ਆਪਣਾ ਨਵ ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ਰਾਵੀ ਅਤੇ ਬਲਵਿੰਦਰ ਸਿੰਘ ਚਾਹਲ ਨੇ ਆਪਣੀ ਕਿਤਾਬ ਦੂਸਰੀ ਵਿਸ਼ਵ ਜੰਗ ਵਿੱਚ ਇਟਲੀ ਮੁਹਾਜ਼ 'ਤੇ ਲੜੇ ਸਿੱਖ ਫ਼ੌਜੀ ਬਲਿਹਾਰ ਸਿੰਘ ਰੰਧਾਵਾ ਤੇ ਉਨ੍ਹਾਂ ਦੀ ਜੀਵਨ ਸਾਥਣ ਜਿੰਦਾਂ ਰੰਧਾਵਾ ਨੂੰ ਭੇਂਟ ਕੀਤੀ।ਪੂਰੇ ਚੌਦਾਂ ਸਾਲ ਬਾਅਦ ਲੁਧਿਆਣਾ ਤੋਂ ਬਾਅਦ ਲੈਸਟਰ ਵਿਚ ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਬਲਿਹਾਰ ਸਿੰਘ ਰੰਧਾਵਾ ਦੀ ਹੋਈ ਇਸ ਮੁਲਾਕਾਤ ਦੌਰਾਨ ਸਮੁੱਚੇ ਸਾਹਿਤਕ ਮਾਹੌਲ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਹੋਈ। ਸ: ਰੰਧਾਵਾ ਨੇ ਆਪਣੀਆਂ ਪੁਸਤਕਾਂ ਦਾ ਸੈੱਟ ਦੋਹਾਂ ਲੇਖਕਾਂ ਨੂੰ ਭੇਂਟ ਕੀਤਾ। 

ਸ: ਰੰਧਾਵਾ ਨੇ ਕਿਹਾ ਕਿ ਡਾ: ਹਰਿਭਜਨ ਸਿੰਘ ਵਰਗੇ ਮਹਾਨ ਲੇਖਕ ਦੀ ਪ੍ਰੇਰਨਾ ਨਾਲ ਹੀ ਮੈਂ ਨਾਨਕਤਾ ਮਹਾਂਕਾਵਿ ਵਿਚ ਲੋੜੀਂਦੀਆਂ ਸੋਧਾਂ ਕੀਤੀਆਂ ਜਿਸ ਨਾਲ ਇਸ ਨੂੰ ਦੇਸ਼ ਵਿਦੇਸ਼ ਵਿਚ ਪ੍ਰਵਾਨਗੀ ਮਿਲੀ।  ਡਾ: ਐੱਸ ਪੀ ਸਿੰਘ ਵਰਗੇ ਵਿਦਵਾਨ ਨੇ ਮੇਰੀਆਂ ਕਿਤਾਬਾਂ 'ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਖੋਜ ਤੇ ਅਧਿਆਪਨ ਕਾਰਜ ਕਰਵਾਇਆ। ਉਨ੍ਹਾਂ ਦੱਸਿਆ ਕਿ ਨਾਨਕਤਾ ਦਾ ਸੱਜਰਾ ਸੰਸਕਰਨ ਪੰਜਾਬੀ ਸੱਥ ਵੱਲੋਂ ਸ: ਮੋਤਾ ਸਿੰਘ ਸਰਾਏ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸੁਲਤਾਨਪੁਰ ਲੋਧੀ ਤੇ ਪੰਜਾਬ ਵਿੱਚ ਕਈ ਹੋਰ ਥਾਈਂ ਪੰਜਾਬੀ ਸੱਥ ਦੀਆਂ ਇਕਾਈਆਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਛਾਪ ਕੇ ਪਾਠਕਾਂ ਤੀਕ ਪਹੁੰਚਾਇਆ ਗਿਆ ਹੈ। 

ਸ: ਰੰਧਾਵਾ ਨੇ ਕਿਹਾ ਕਿ ਪੰਜਾਬੀ ਲੇਖਕ ਸਮੇਂ ਦਾ ਹਾਣੀ ਬਣਨ ਵਿੱਚ ਆਪਣੇ ਪੁਰਖਿਆਂ ਵਾਂਗ ਸਮੇਂ ਦੀਆਂ ਚੁਣੌਤੀਆਂ ਪ੍ਰਵਾਨ ਕਰ ਕੇ ਇਤਿਹਾਸ ਦੀ ਰੋਸ਼ਨੀ ਵਿੱਚ ਨੌਜਵਾਨ ਪੀੜ੍ਹੀ ਨੂੰ ਅਗਵਾਈ ਦੇਵੇ। ਆਪਣੀ ਕਾਵਿ ਸਿਰਜਣਾ ਬਾਰੇ ਲ: ਬਲਿਹਾਰ ਸਿੰਘ ਰੰਧਾਵਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਸ. ਪ੍ਰੋ: ਪੂਰਨ ਸਿੰਘ ਯੂ.ਕੇ. ਤੇ ਅਮਰਜੀਤ ਚੰਦਨ ਵਰਗੇ ਲੇਖਕ ਹੀ ਮੇਰੇ ਲਗਾਤਾਰ ਸੰਪਰਕ ਵਿਚ ਰਹਿ ਕੇ ਪ੍ਰੇਰਨਾ ਸਰੋਤ ਰਹੇ ਹਨ। ਉਨ੍ਹਾਂ ਪਰਵਾਸੀ ਸਾਹਿਤ ਅਧਿਐਨ ਕੇਂਦਰ ਜੀ ਜੀ ਐੱਨ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਡ: ਐੱਸ ਪੀ ਸਿੰਘ ਜੀ ਦੀ ਸਰਪ੍ਰਸਤੀ ਹੇਠ ਛਾਪੇ ਜਾਂਦੇ ਤ੍ਰੈਮਾਸਿਕ ਪੱਤਰ ਪਰਵਾਸੀ ਲਈ ਵੀ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਰਚਨਾਵਾਂ ਭੇਜਣ ਦਾ ਇਕਰਾਰ ਕੀਤਾ।


Vandana

Content Editor

Related News