ਭਾਰੀ ਵੋਟਿੰਗ ਰਾਹੀਂ ਲੋਕਾਂ ਨੇ ਦਿੱਲੀ ਨੂੰ ਦਿੱਤਾ ਵੱਡਾ ਸੁਨੇਹਾ : ਮਹਿਬੂਬਾ

Wednesday, May 15, 2024 - 04:19 PM (IST)

ਨੈਸ਼ਨਲ ਡੈਸਕ- ਪੀਪੁਲਸ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਿਕ ਸ਼੍ਰੀਨਗਰ ਲੋਕ ਸਭਾ ਸੀਟ ’ਤੇ ਭਾਰੀ ਵੋਟਿੰਗ ਕਸ਼ਮੀਰ ਦੇ ਲੋਕਾਂ ਵੱਲੋਂ ਦਿੱਲੀ ਲਈ ਇਕ ਸੁਨੇਹਾ ਹੈ ਕਿ 2019 ਵਿਚ ਲਏ ਗਏ ਫੈਸਲਿਆਂ ਨੂੰ ਉਨ੍ਹਾਂ ਨੇ ਸਵੀਕਾਰ ਨਹੀਂ ਕੀਤਾ ਹੈ। ਉਹ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਸ਼੍ਰੀਨਗਰ ਸੰਸਦੀ ਖੇਤਰ ਲਈ ਵੋਟਿੰਗ ਫੀਸਦੀ ਚੰਗੀ ਰਹੀ ਹੈ ਅਤੇ ਲੋਕਾਂ ਨੇ ਦਿੱਲੀ ਨੂੰ ਸੁਨੇਹਾ ਦਿੱਤਾ ਹੈ ਕਿ 2019 ਵਿਚ ਆਰਟੀਕਲ 370 ਨੂੰ ਹਟਾਉਣ ਦਾ ਫੈਸਲਾ ਕਸ਼ਮੀਰ ਦੇ ਲੋਕਾਂ ਨੇ ਸਵੀਕਾਰ ਨਹੀਂ ਕੀਤਾ ਹੈ। ਨਾਲ ਹੀ ਸੂਬੇ ਦੇ ਵਿਸ਼ੇ, ਜ਼ਮੀਨ ਅਤੇ ਰੋਜ਼ਗਾਰ ਦੇ ਸਬੰਧ ਵਿਚ ਲਏ ਗਏ ਫੈਸਲੇ ਵੀ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਸਵੀਕਾਰ ਨਹੀਂ ਹਨ। ਸੋਮਵਾਰ ਨੂੰ ਸ਼੍ਰੀਨਗਰ ਲੋਕ ਸਭਾ ਖੇਤਰ ਵਿਚ 38 ਫੀਸਦੀ ਵੋਟਿੰਗ ਹੋਈ, ਜੋ 1996 ਤੋਂ ਬਾਅਦ ਸਭ ਤੋਂ ਵੱਧ ਹੈ।

ਪੀ. ਡੀ. ਪੀ. ਪ੍ਰਧਾਨ ਨੇ ਦੋਸ਼ ਲਗਾਇਆ ਕਿ ਜਿਨ੍ਹਾਂ ਥਾਵਾਂ ’ਤੇ ਲੋਕ ਪੀ. ਡੀ. ਪੀ. ਨੂੰ ਵੋਟ ਪਾਉਣ ਲਈ ਇਕੱਠੇ ਹੋਣ ਸਨ, ਉਥੇ ਵੋਟਿੰਗ ਵਿਚ ਗੜਬੜੀ ਕੀਤੀ ਗਈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਜਾਣਬੁੱਝ ਕੇ ਵੋਟਿੰਗ ਨੂੰ ਮੱਠਾ ਚਲਾਇਆ ਗਿਆ। ਮੁਫਤੀ ਅਨੰਤਨਾਗ-ਰਾਜੌਰੀ ਸੀਟ ਤੋਂ ਲੋਕ ਸਭਾ ਚੋਣ ਲੜ ਰਹੀ ਹਨ, ਜਿਥੇ 25 ਮਈ ਨੂੰ ਵੋਟਾਂ ਪੈਣੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਰਾਜੌਰੀ, ਪੁੰਛ, ਅਨੰਤਨਾਗ, ਕੁਲਗਾਮ ਅਤੇ ਵਾਚੀ ਦੇ ਲੋਕਾਂ ਨੂੰ ਜੇਕਰ ਅਨੰਤਨਾਗ-ਰਾਜੌਰੀ ਸੰਸਦੀ ਸੀਟ ਲਈ ਵੋਟਿੰਗ ਦੌਰਾਨ 10 ਘੰਟੇ ਤੱਕ ਲਾਈਨ ਵਿਚ ਉਡੀਕ ਕਰਨੀ ਪਈ ਤਾਂ ਉਹ ਵੀ ਖੜ੍ਹੇ ਰਹੇ ਅਤੇ ਵੋਟ ਪਾਉਣ ਤੱਕ ਵਾਪਸ ਨਹੀਂ ਪਰਤੇ।


Rakesh

Content Editor

Related News