ਲੰਡਨ : ਬੇਘਰ ਲੋਕਾਂ ਦੀ ਸਹਾਇਤਾ ਲਈ ਤਿਆਰ ਕੀਤੀਆਂ 2 ਬੱਸਾਂ

Saturday, Oct 09, 2021 - 06:44 PM (IST)

ਲੰਡਨ : ਬੇਘਰ ਲੋਕਾਂ ਦੀ ਸਹਾਇਤਾ ਲਈ ਤਿਆਰ ਕੀਤੀਆਂ 2 ਬੱਸਾਂ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਰਾਜਧਾਨੀ ਲੰਡਨ ’ਚ ਬੇਘਰ, ਸੜਕਾਂ ’ਤੇ ਸੌਣ ਵਾਲੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਦੋ ਬੱਸਾਂ ਨੂੰ ਤਿਆਰ ਕੀਤਾ ਗਿਆ ਹੈ। ਲੰਡਨ ’ਚ ਇਕ ਸਾਲ ’ਚ 3,000 ਤੋਂ ਵੱਧ ਲੋਕ ਸੜਕਾਂ ’ਤੇ ਰਹਿੰਦੇ ਹਨ ਅਤੇ ਇਕ ਸੰਸਥਾ 'ਚੇਂਜ ਪਲੀਜ਼' ਇਨ੍ਹਾਂ ਲੋਕਾਂ ਦੀ ਸਹਾਇਤਾ ਕਰਨਾ ਚਾਹੁੰਦੀ ਹੈ, ਜਿਸ ਲਈ ਇਹ ਬੱਸਾਂ ਖਾਸ ਸਹੂਲਤਾਂ ਦੇਣ ਲਈ ਤਿਆਰ ਕੀਤੀਆਂ ਗਈਆਂ ਹਨ। ਇਸ ਸੰਸਥਾ ਦਾ ਪ੍ਰੋਜੈਕਟ ਬੇਘਰੇ ਲੋਕਾਂ ਲਈ ਮੁਫਤ ਜੀ.ਪੀ. ਸਲਾਹ, ਵਾਲ ਕਟਵਾਉਣ, ਦੰਦਾਂ ਦੀ ਦੇਖਭਾਲ, ਡਿਜੀਟਲ ਅਤੇ ਵਿੱਤੀ ਸਾਖਰਤਾ ਸਿਖਲਾਈ ਦੀ ਪੇਸ਼ਕਸ਼ ਕਰੇਗਾ।

PunjabKesari

ਇਸ ਤੋਂ ਇਲਾਵਾ ਬੱਸਾਂ ਵਿਚਲਾ ਸਟਾਫ ਉਨ੍ਹਾਂ ਨੂੰ ਬੈਂਕ ਖਾਤਾ ਖੋਲ੍ਹਣ ’ਚ ਵੀ ਸਹਾਇਤਾ ਕਰੇਗਾ। ਚੇਂਜ ਪਲੀਜ਼ ਦੇ ਸੰਸਥਾਪਕ ਕੈਮਲ ਈਜ਼ਲ ਅਨੁਸਾਰ ਇਹ ਪ੍ਰੋਜੈਕਟ ਬੇਘਰ ਲੋਕਾਂ ਨੂੰ ਮਹੱਤਵਪੂਰਨ ਸੇਵਾਵਾਂ ਤੱਕ ਪਹੁੰਚਣ ਦਾ ਮੌਕਾ ਦੇਵੇਗਾ। ਇਹ ਬੱਸਾਂ ਅਗਲੇ ਦੋ ਸਾਲਾਂ ਲਈ ਹਫਤੇ ’ਚ ਛੇ ਦਿਨ ਚੱਲਣਗੀਆਂ ਅਤੇ ਹਰ ਇਕ ਬੱਸ ਦਿਨ ’ਚ ਘੱਟੋ -ਘੱਟ ਛੇ ਲੋਕਾਂ ਦੀ ਸਹਾਇਤਾ ਕਰੇਗੀ। ਬੇਘਰ ਲੋਕ, ਉਨ੍ਹਾਂ ਲਈ ਬੱਸ ਭੇਜਣ ਦੀ ਬੇਨਤੀ ਕਰਨ ਲਈ ਇਕ ਟੈਕਸਟ ਭੇਜ ਸਕਣਗੇ ਤਾਂ ਜੋ ਉਹ ਸਿਹਤ ਸੰਭਾਲ ਤੱਕ ਪਹੁੰਚ ਕਰ ਸਕਣ। ਇਸ ਤੋਂ ਇਲਾਵਾ ਇਹ ਉਮੀਦ ਕੀਤੀ ਜਾਂਦੀ ਹੈ ਕਿ ਬੱਸਾਂ 2022 ਦੇ ਆਰੰਭ ਤੋਂ ਕੋਰੋਨਾ ਵਾਇਰਸ ਟੀਕੇ ਦੀ ਪੇਸ਼ਕਸ਼ ਸ਼ੁਰੂ ਕਰਨ ਦੇ ਵੀ ਯੋਗ ਹੋ ਜਾਣਗੀਆਂ।


author

Manoj

Content Editor

Related News