ਅਮਰੀਕਾ ''ਚ ਵਿਸ਼ਵ ਧਰਮ ਪ੍ਰੀਸ਼ਦ ਦਾ ਆਯੋਜਨ, ਜੈਨ ਅਚਾਰੀਆ ਲੋਕੇਸ਼ ਮੁਨੀ ਨੇ ਕੀਤਾ ਸੰਬੋਧਿਤ

08/15/2023 12:14:31 PM

ਸ਼ਿਕਾਗੋ (ਰਾਜ ਗੋਗਨਾ)— ਵਿਸ਼ਵ ਧਰਮ ਪ੍ਰੀਸ਼ਦ ਦੀ ਮੀਟਿੰਗ ਵਿੱਚ ਅਮਰੀਕਾ ਦੇ ਸ਼ਿਕਾਗੋ ਸੂਬੇ ਵਿੱਚ ਆਚਾਰੀਆ ਲੋਕੇਸ਼ ਮੁਨੀ ਨੂੰ ਮੁੱਖ ਬੁਲਾਰੇ ਦੇ ਤੌਰ 'ਤੇ ਇੱਥੇ ਬੁਲਾਇਆ ਗਿਆ। ਜਿਸ ਵਿੱਚ ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਨੁੱਖਤਾ ਦੀ ਭਲਾਈ ਜੰਗ, ਦਹਿਸ਼ਤ ਅਤੇ ਹਿੰਸਾ ਵਿਚ ਨਹੀਂ ਬਲਕਿ ਟਿਕਾਊ ਸ਼ਾਂਤੀ ਲਈ ਧਰਮ ਤੇ ਵਿਸ਼ਵਾਸ ਵਿਚ ਹੈ। ਸ਼ਿਕਾਗੋ ਵਿੱਚ ਲੋਕੇਸ਼ ਮੁਨੀ, ਜੋ ਕਿ ਸ਼ਿਕਾਗੋ ਵਿੱਚ ਪੰਜ ਰੋਜ਼ਾ ਚੱਲਣ ਵਾਲੀ ਵਿਸ਼ਵ ਧਰਮ ਪ੍ਰੀਸ਼ਦ ਦੀ ਜਨ ਸਭਾ ਨੂੰ 14 ਤੋਂ 18 ਅਗਸਤ ਤੱਕ ਸੰਬੋਧਨ ਕਰਨਗੇ ਅਤੇ ਵਿਸ਼ਵ ਧਰਮ ਸੰਸਦ ਵਿੱਚ ਹਾਜ਼ਰ ਅਤੇ ਭਾਸ਼ਣ ਦੇਣ ਲਈ ਵਿਸ਼ੇਸ਼ ਤੌਰ 'ਤੇ ਬੁਲਾਏ ਗਏ ਹਨ, ਨੇ ਆਪਣੇ ਭਾਸ਼ਣ ਦੀ ਪਹਿਲੇ ਦਿਨ ਹੋਈ ਸ਼ੁਰੂਆਤ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਧਾਰਮਿਕ ਆਗੂਆਂ ਨੂੰ ਰੂਸ-ਯੂਕ੍ਰੇਨ ਵਰਗੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਲੱਭਣਾ ਚਾਹੀਦਾ ਹੈ। 

ਜ਼ਿਕਰਯੋਗ ਹੈ ਕਿ ਇੱਥੇ ਹੋ ਰਹੀ ਇਹ ਵਿਸ਼ਵ ਧਰਮ ਸੰਸਦ 'ਚ ਦੁਨੀਆ ਦੇ 80 ਦੇ ਕਰੀਬ ਦੇਸ਼ਾਂ ਦੇ 10 ਹਜ਼ਾਰ ਤੋਂ ਵੱਧ ਨੁਮਾਇੰਦੇ ਹਿੱਸਾ ਲੈ ਰਹੇ ਹਨ। ਉਨ੍ਹਾਂ ਵਿੱਚੋਂ ਸਿਰਫ਼ ਕੁਝ ਹੀ ਧਾਰਮਿਕ ਆਗੂਆਂ ਨੂੰ ਭਾਸ਼ਣ ਦੇਣ ਲਈ ਇਥੇ ਸੱਦਿਆ ਗਿਆ ਸੀ, ਜਿਨ੍ਹਾਂ ਵਿੱਚੋਂ ਇੱਕ ਆਚਾਰੀਆ ਲੋਕੇਸ਼ ਮੁਨੀ ਸਨ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਅੱਗੇ ਇਹ ਵੀ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਵਿਸ਼ਵ ਨੇਤਾਵਾਂ ਨੂੰ ਇੱਕ ਸ਼ਾਂਤਮਈ ਅਤੇ ਖੁਸ਼ਹਾਲ ਸਮਾਜ ਅਤੇ ਪੂਰੀ ਦੁਨੀਆ ਲਈ ਇੱਕ ਖਾਕਾ ਤਿਆਰ ਕਰਨਾ ਚਾਹੀਦਾ ਹੈ ਅਤੇ ਦੁਨੀਆ ਦੇ ਪ੍ਰਮੁੱਖ ਧਰਮਾਂ ਅਤੇ ਵਿਸ਼ਵਾਸਾਂ ਦੇ ਆਗੂਆਂ ਨੂੰ ਮਨੁੱਖਤਾ ਲਈ ਦਰਪੇਸ਼ ਵੱਡੀਆਂ ਚੁਣੌਤੀਆਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਅਜਿਹੇ ਸਮੇਂ ਵਿੱਚ ਸਥਾਈ ਸ਼ਾਂਤੀ ਸਥਾਪਤ ਕਰਨ ਵਿੱਚ ਉਹ ਅਹਿਮ ਭੂਮਿਕਾ ਨਿਭਾਉਣ।

ਪੜ੍ਹੋ ਇਹ ਅਹਿਮ ਖ਼ਬਰ-ਯੂਕੇ : ਭਾਰਤੀ ਦੂਤਘਰ 'ਚ 'ਵੰਡ' ਦੀਆਂ ਦਰਦਨਾਕ ਤਸਵੀਰਾਂ ਦੀ ਪ੍ਰਦਰਸ਼ਨੀ ਆਯੋਜਿਤ

ਰੂਸ-ਯੂਕ੍ਰੇਨ ਵਿਚ ਚੱਲ ਰਹੀ ਜੰਗ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਲਾਂ ਤੋਂ ਚੱਲੀ ਆ ਰਹੀ ਜੰਗ ਨੂੰ ਖ਼ਤਮ ਕਰਨ ਲਈ 'ਗੱਲਬਾਤ' ਹੀ ਇੱਕ ਅਹਿਮ ਵਿਸ਼ਾ ਹੈ। ਇਸ ਦੇ ਨਾਲ ਹੀ ਇਕ ਵਿਦਵਾਨ ਜੈਨਅਚਾਰੀਆ ਲੋਕੇਸ਼ ਮੁਨੀ ਨੇ ਕਿਹਾ ਕਿ ਦੁਨੀਆ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ ਪਰ ਕਿਸੇ ਵੀ ਸਮੱਸਿਆ ਦਾ ਹੱਲ ਜੰਗ, ਹਿੰਸਾ ਜਾਂ ਦਹਿਸ਼ਤ ਨਹੀਂ ਹੈ। ਅਸਲ ਵਿੱਚ ਸਾਰੇ ਵਿਵਾਦ ਗੱਲਬਾਤ ਰਾਹੀਂ ਹੱਲ ਕੀਤੇ ਜਾ ਸਕਦੇ ਹਨ। ਰੂਸ-ਯੂਕ੍ਰੇਨ ਜੰਗ ਨੂੰ ਵੀ ਗੱਲਬਾਤ ਰਾਹੀਂ ਰੋਕਿਆ ਜਾ ਸਕਦਾ ਹੈ। ਜੈਨ ਅਚਾਰੀਆ ਪਿਛਲੇ ਕੁਝ ਮਹੀਨਿਆਂ ਤੋਂ ਅਮਰੀਕਾ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਵੀ ਕਰ ਚੁੱਕੇ ਹਨ। ਉਹਨਾਂ ਅਮਰੀਕਾ ਵਿੱਚ ਪ੍ਰਚਲਿਤ ਬੰਦੂਕ ਸੱਭਿਆਚਾਰ ਬਾਰੇ ਕਿਹਾ ਕਿ ਬੰਦੂਕ ਹਿੰਸਾ ਦੀ ਸਮੱਸਿਆ ਦਾ ਹੱਲ ਨਹੀ ਹੈ। ਇਸ ਲਈ ਨੈਤਿਕ ਅਤੇ ਮੁੱਲ ਆਧਾਰਿਤ ਸਿੱਖਿਆ ਬਹੁਤ ਹੀ ਜ਼ਰੂਰੀ ਹੈ। ਇਸ ਦੀ ਸ਼ੁਰੂਆਤ ਪ੍ਰਾਇਮਰੀ ਜਮਾਤਾਂ ਤੋਂ ਹੀ ਹੋਣੀ ਚਾਹੀਦੀ ਹੈ। ਅਸਲ ਵਿੱਚ ਬੰਦੂਕ 'ਤੇ ਪਾਬੰਦੀ ਇੱਕ ਲੰਬੇ ਸਮੇਂ ਦਾ ਹੱਲ ਨਹੀਂ ਹੈ। ਮੈਂ ਹਾਲ ਹੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਇਹ ਸੰਦੇਸ਼ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1893 'ਚ ਸ਼ਿਕਾਗੋ 'ਚ ਵਿਸ਼ਵ ਧਰਮ ਸੰਸਦ 'ਚ 'ਬ੍ਰਦਰਜ਼ ਐਂਡ ਸਿਸਟਰਜ਼ ਆਫ ਅਮਰੀਕਾ' ਨਾਲ ਸਵਾਮੀ ਵਿਵੇਕਾਨੰਦ ਦੇ ਭਾਸ਼ਣ ਨੇ ਕਾਫੀ ਪ੍ਰਭਾਵ ਪਾਇਆ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News