UK ''ਚ 24 ਘੰਟਿਆਂ ਦੌਰਾਨ ਲਾਗੂ ਕੀਤੀ ਜਾਵੇ ਤਾਲਾਬੰਦੀ,ਹਾਲਾਤ ਖ਼ਰਾਬ : ਕੀਅਰ ਸਟਾਰਮਰ

Monday, Jan 04, 2021 - 03:01 PM (IST)

UK ''ਚ 24 ਘੰਟਿਆਂ ਦੌਰਾਨ ਲਾਗੂ ਕੀਤੀ ਜਾਵੇ ਤਾਲਾਬੰਦੀ,ਹਾਲਾਤ ਖ਼ਰਾਬ : ਕੀਅਰ ਸਟਾਰਮਰ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਵਿਰੋਧੀ ਧਿਰ ਦੇ ਨੇਤਾ ਕੀਅਰ ਸਟਾਰਮਰ ਨੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੋਂ ਜਿੰਨੀ ਜਲਦੀ ਹੋ ਸਕੇ ਰਾਸ਼ਟਰੀ ਤਾਲਾਬੰਦੀ ਲਾਗੂ ਕਰਨ ਦੀ ਮੰਗ ਕੀਤੀ ਹੈ। 

ਕੀਅਰ ਸਟਾਰਮਰ ਅਨੁਸਾਰ ਵਾਇਰਸ ‘ਸਪੱਸ਼ਟ ਤੌਰ‘ ਤੇ ਕਾਬੂ ਤੋਂ ਬਾਹਰ ਹੈ ,ਜਦਕਿ ਯੂ. ਕੇ. ਨੇ ਲਗਾਤਾਰ ਛੇਵੇਂ ਦਿਨ 50,000 ਤੋਂ ਵੱਧ ਰੋਜ਼ਾਨਾ ਦੇ ਮਾਮਲੇ ਦਰਜ ਕੀਤੇ ਹਨ ਅਤੇ ਐੱਨ. ਐੱਚ. ਐੱਸ. ਹਸਪਤਾਲ ਕੋਵਿਡ -19 ਨਾਲ ਪੀੜਤ ਮਰੀਜ਼ਾਂ ਦੇ ਵੱਧ ਰਹੇ ਦਾਖਲਿਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ। 

ਲੇਬਰ ਲੀਡਰ ਨੇ ਟਿੱਪਣੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ‘ਮੈਂ ਇਹ ਕਰਨ ਜਾ ਰਿਹਾ ਹਾਂ ਪਰ ਅਜੇ ਨਹੀਂ’ ਕਹਿਣ ਦੀ ਬਜਾਏ ਇਸ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ 24 ਘੰਟਿਆਂ ਦੇ ਅੰਦਰ ਰਾਸ਼ਟਰੀ ਤਾਲਾਬੰਦੀ ਦੇ ਸੰਬੰਧ ਵਿਚ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਜਿਸ ਨਾਲ ਕਿ ਵਾਇਰਸ ਨੂੰ ਬਿਨਾਂ ਦੇਰੀ ਕੀਤੇ ਕੰਟਰੋਲ ਕੀਤਾ ਜਾ ਸਕੇ। 

ਲੇਬਰ ਨੇਤਾ ਕੀਅਰ ਦੀਆਂ ਇਹ ਟਿੱਪਣੀਆਂ ਜੌਹਨਸਨ ਵਲੋਂ ਬੀਤੇ ਦਿਨ ਦੇਸ਼ ਦੇ ਕਈ ਹਿੱਸਿਆਂ ਵਿੱਚ ਸਖਤ ਪਾਬੰਦੀਆਂ ਨੂੰ ਦੇਰੀ ਨਾਲ ਲਾਗੂ ਕਰਨ ਬਾਰੇ ਚਿਤਾਵਨੀ ਦੇਣ ਤੋਂ ਬਾਅਦ ਸਾਹਮਣੇ ਆਈਆਂ ਹਨ। ਸਟਾਰਮਰ ਅਨੁਸਾਰ ਪ੍ਰਧਾਨ ਮੰਤਰੀ ਦਾ ਇਹ ਇਸ਼ਾਰਾ ਕਰਨਾ ਕੋਈ ਚੰਗਾ ਨਹੀਂ ਹੈ ਕਿ ਵਾਇਰਸ ਸੰਬੰਧੀ ਪਾਬੰਦੀਆਂ ਇੱਕ, ਦੋ ਜਾਂ ਤਿੰਨ ਹਫ਼ਤੇ ਵਿੱਚ ਲਾਗੂ ਹੋ ਜਾਣਗੀਆਂ ਅਤੇ ਇਸ ਤਰ੍ਹਾਂ ਦੀ ਦੇਰੀ ਹੀ ਮਹਾਮਾਰੀ ਦੌਰਾਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਕਾਰਨ ਰਹੀ ਹੈ।ਇਸ ਮੌਕੇ ਇਸ ਲੇਬਰ ਲੀਡਰ ਦੀ ਮੰਗ ਹੈ ਕਿ ਵਾਇਰਸ ਨੂੰ ਕਾਬੂ ਕਰਨ ਲਈ ਪ੍ਰਧਾਨ ਮੰਤਰੀ ਦੁਆਰਾ ਤੁਰੰਤ ਰਾਸ਼ਟਰੀ ਪੱਧਰ ਦੀ ਤਾਲਾਬੰਦੀ ਕੀਤੀ ਜਾਵੇ।
 


author

Lalita Mam

Content Editor

Related News