ਇਟਲੀ ''ਚ ਲਾਕਡਾਊਨ ਕਾਰਨ ਗਰੀਬ ਲੋਕਾਂ ਦੇ ਕੰਮ ਉੱਜੜੇ, ਚੰਗੇ-ਭਲੇ ਕਾਰੋਬਾਰੀਆਂ ਨੂੰ ਵੀ ਪਈਆਂ ਸੋਚਾਂ

05/12/2020 2:29:52 PM

ਰੋਮ, (ਕੈਂਥ)- ਸਮੁੱਚੇ ਵਿਸ਼ਵ ਦਾ ਆਰਥਿਕ ਢਾਂਚਾ ਕੋਰੋਨਾ ਸੰਕਟ ਨਾਲ ਜਿਸ ਤਰ੍ਹਾਂ ਲੜਖੜਾ ਰਿਹਾ ਹੈ, ਉਸ ਨਾਲ ਆਮ ਆਦਮੀ ਵੀ ਵੱਡੇ ਪਧੱਰ 'ਤੇ ਪ੍ਰਭਾਵਿਤ ਹੋ ਰਿਹਾ ਹੈ ਤੇ ਹਰ ਪ੍ਰਭਾਵਿਤ ਦੇਸ਼ ਆਪਣੇ-ਆਪ ਨੂੰ ਇਸ ਕੁਦਰਤੀ ਕਹਿਰ ਦੀ ਮਾਰ ਤੋਂ ਬਚਾਉਣ ਲਈ ਤਰ੍ਹਾਂ-ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਿਹਾ ਹੈ। ਯੂਰਪੀ ਦੇਸ਼ ਵੀ ਕੋਰੋਨਾ ਸੰਕਟ ਦੀ ਮਾਰ ਝੱਲਣ ਲਈ ਬੇਵੱਸ ਹਨ ਤੇ ਇਟਲੀ ਵੀ ਉਨ੍ਹਾਂ ਵਿੱਚੋਂ ਇਕ ਹੈ।

ਕੋਵਿਡ-19 ਨੇ ਇਟਲੀ ਦੇ ਲੋਕਾਂ ਨੂੰ ਪ੍ਰਭਾਵਿਤ ਹੀ ਨਹੀਂ ਕੀਤਾ ਸਗੋਂ ਉਨ੍ਹਾਂ ਦੇ ਜ਼ਿੰਦਗੀ ਜਿਊਣ ਦਾ ਢੰਗ ਵੀ ਬਦਲ ਕੇ ਰੱਖ ਦਿੱਤਾ ਹੈ। ਇਟਲੀ ਜਿਹੜਾ ਕਿ ਆਪਣੀ ਖੂਬਸੂਰਤੀ ਅਤੇ ਵਿਲੱਖਣ ਇਤਿਹਾਸ ਲਈ ਦੁਨੀਆ ਭਰ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ, ਜਿਸ ਨੂੰ ਦੇਖਣ ਲਈ ਲੋਕਾਂ ਦਾ ਹਜੂਮ ਕਦੀ ਘੱਟਦਾ ਨਹੀਂ ਸਗੋ ਵੱਧਦਾ ਹੀ ਜਾ ਰਿਹਾ ਸੀ।ਇਕ ਰਿਪੋਰਟ ਮੁਤਾਬਕ ਇਟਲੀ ਨੂੰ ਸੰਨ 2018 ਵਿਚ 11,128,541 ਲੋਕਾਂ ਨੇ ਦੇਖਿਆ ਜਦੋਂ ਕਿ ਸੰਨ 2019 ਵਿੱਚ ਇਹ ਗਿਣਤੀ ਉਸ ਤੋਂ ਵੀ ਵਧੇਰੀ ਸੀ ਪਰ ਅਫ਼ਸੋਸ ਸੰਨ 2020 ਵਿਚ ਇਟਲੀ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ ਵੱਡੀ ਗਿਰਾਵਟ ਆਉਣ ਦਾ ਖਦਸ਼ਾ ਹੈ ਕਿਉਂਕਿ ਕੋਵਿਡ-19 ਕਾਰਨ ਇਟਲੀ ਦੇ ਬਾਹਰੋਂ ਆਉਣ ਵਾਲੇ ਸੈਲਾਨੀ ਇਕ ਤਾਂ ਉਂਝ ਹੀ ਕੋਵਿਡ-19 ਤੋਂ ਬਚਣ ਲਈ ਬਾਹਰ ਜਾਣ ਤੋਂ ਗੁਰੇਜ਼ ਕਰ ਰਹੇ ਹਨ ਤੇ ਦੂਜਾ ਇਟਲੀ ਸਰਕਾਰ ਵੱਲੋਂ ਵੀ ਕੋਵਿਡ-19 ਕਾਰਨ ਬਾਹਰੋਂ ਆਉਣ ਵਾਲੇ ਸੈਲਾਨੀਆਂ ਲਈ ਕੋਈ ਜ਼ਿਆਦਾ ਹਾਂਪੱਖੀ ਹੁੰਗਾਰਾ ਨਹੀਂ ਭਰਿਆ ਜਾ ਰਿਹਾ। ਕੋਰੋਨਾ ਸੰਕਟ ਕਾਰਨ ਇਟਲੀ ਦੇ ਸਮੁੰਦਰੀ ਕਿਨਾਰਿਆਂ ਉੱਪਰ ਲੱਗਣ ਵਾਲੇ ਸੈਲਾਨੀਆਂ ਦੇ ਮੇਲਿਆਂ ਵਿੱਚ ਕਮੀ ਆਉਣ ਨਾਲ ਸਮੁੰਦਰ ਕਿਨਾਰੇ ਦੇ ਹੋਟਲ ਤੇ ਰੈਸਟੋਰੈਂਟ ਵੱਡੇ ਪਧੱਰ 'ਤੇ ਪ੍ਰਭਾਵਿਤ ਹੋਣਗੇ। 

ਇੱਕ ਹੋਰ ਸਰਵੇਖਣ ਅਨੁਸਾਰ ਇਟਲੀ ਵਿੱਚ 7 ਗਰੀਬ ਮਾਪਿਆਂ ਵਿੱਚੋਂ ਇੱਕ ਮਾਪੇ ਆਪਣਾ ਕੰਮ ਕੋਰੋਨਾ ਸੰਕਟ ਕਾਰਨ ਗੁਆ ਬੈਠੇ ਹਨ, ਜਿਹੜਾ ਕਿ 14,8% ਬਣਦਾ ਹੈ। ਇਨ੍ਹਾਂ ਵਿੱਚੋਂ ਅੱਧੇ ਅਸਥਾਈ ਤੌਰ 'ਤੇ ਆਪਣੇ ਕੰਮ ਤੋਂ ਵਿਹਲੇ ਹੋ ਚੁੱਕੇ ਹਨ । 10 ਪਰਿਵਾਰਾਂ ਵਿੱਚੋਂ 6 ਪਰਿਵਾਰਾਂ ਦੀ ਆਮਦਨ ਅਸਥਾਈ ਤੌਰ 'ਤੇ ਘੱਟ ਗਈ ਹੈ ਇਹ ਉਹ ਪਰਿਵਾਰ ਹਨ ਜਿਹੜੇ ਕੋਰੋਨਾ ਸੰਕਟ ਤੋਂ ਪਹਿਲਾਂ ਵੀ ਆਰਥਿਕ ਮੰਦਹਾਲੀ ਵਾਲਾ ਜੀਵਨ ਬਸਰ ਕਰਦੇ ਸਨ, ਇਨ੍ਹਾਂ ਦੀ ਆਰਥਿਕਤਾ ਵਿੱਚ 18,6% ਤੋਂ 32,3% ਤੱਕ ਹੋਰ ਗਿਰਾਵਟ ਆਈ ਹੈ। ਇਨ੍ਹਾਂ ਪਰਿਵਾਰਾਂ ਨੂੰ ਆਪਣੇ ਬੱਚਿਆਂ ਪ੍ਰਤੀ ਵੀ ਚਿੰਤਾ ਸਤਾ ਰਹੀ ਹੈ ਕਿ ਉਹ ਸਕੂਲ ਨਾ ਜਾਣ ਕਾਰਨ ਪੜ੍ਹਾਈ ਵਿਚ ਪਿੱਛੇ ਪੈ ਜਾਣਗੇ। ਬੇਸ਼ੱਕ ਉਨ੍ਹਾਂ ਦੇ ਬੱਚਿਆਂ ਦੀਆਂ ਸਕੂਲ ਵੱਲੋਂ ਆਨਲਾਈਨ ਕਲਾਸਾਂ ਲਗਾਈਆਂ ਜਾਂਦੀਆਂ ਸਨ ਪਰ ਫਿਰ ਵੀ ਬੱਚੇ ਉਹ ਪੜ੍ਹਾਈ ਨਹੀਂ ਹਾਸਲ ਕਰ ਸਕੇ, ਜਿਹੜੀ ਉਨ੍ਹਾਂ ਨੂੰ ਸਕੂਲ ਵਿੱਚ ਜਾ ਕੇ ਪ੍ਰਾਪਤ ਹੁੰਦੀ ਹੈ। ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਕੂਲ ਦੀ ਕੰਟੀਨ ਵਿੱਚ ਵਧੀਆ ਖਾਣਾ ਮਿਲਦਾ ਸੀ ਪਰ ਲਾਕਡਾਊਨ ਕਾਰਨ ਘਰ ਵਿੱਚ ਬੱਚਿਆਂ ਨੂੰ ਅਜਿਹਾ ਖਾਣਾ ਨਹੀਂ ਮਿਲ ਸਕਿਆ ਤੇ ਬਹੁਤੇ ਬੱਚੇ ਤਾਲਾਬੰਦੀ ਕਾਰਨ ਪੇਟ ਭਰ ਖਾਣਾ ਵੀ ਨਹੀਂ ਖਾ ਰਹੇ। ਸਰਕਾਰ ਵੱਲੋਂ ਇਟਲੀ ਦੇ ਸਕੂਲ ਸਤੰਬਰ ਵਿੱਚ ਖੋਲਣ ਦਾ ਐਲਾਨ ਕੀਤਾ ਹੈ ਪਰ ਗਰੀਬ ਮਾਪਿਆਂ ਲਈ ਇਸ ਲਾਕਡਾਊਨ ਨੇ ਅਨੇਕਾਂ ਮੁਸੀਬਤਾਂ ਖੜ੍ਹੀਆਂ ਕੀਤੀਆਂ ਹੋਈਆਂ ਹਨ ਤੇ ਇਹ ਮਾਪੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਸਾਕ-ਸੰਬਧੀਆਂ ਕੋਲੋਂ ਉਧਾਰ ਫੜ੍ਹਕੇ ਡੰਗ ਟਪਾ ਰਹੇ ਹਨ ਇਟਲੀ ਵਿੱਚ 40.3% ਅਜਿਹੇ ਬੱਚੇ ਹਨ ਜਿਹੜੇ ਸਕੂਲ ਦੀ ਕੰਟੀਨ ਤੋਂ ਖਾਣਾ ਖਾਂਦੇ ਹਨ। 21.5% ਅਜਿਹੇ ਪਰਿਵਾਰ ਵੀ ਹਨ, ਜਿਹੜੇ ਆਰਥਿਕ ਮੰਦਹਾਲੀ ਕਾਰਨ ਆਪਣੇ ਲਈ ਦਵਾਈਆਂ ਲੈਣ ਤੋਂ ਵੀ ਆਵਾਜ਼ਾਰ ਹਨ। ਕੋਰੋਨਾ ਸੰਕਟ ਨੇ ਦੇਸ਼ ਵੀ ਚੰਗੇ ਭਲੇ ਕਾਰੋਬਾਰੀਆਂ ਨੂੰ ਵੀ ਭੱਵਿਖ ਪ੍ਰਤੀ ਡੂੰਘੀਆਂ ਵਿੱਚ ਡਬੋ ਰੱਖਿਆ ਹੈ।


Lalita Mam

Content Editor

Related News