ਇਥੇ ਲੋਨ ਲੈਣ ਖਾਤਿਰ ਗਹਿਣੇ ਰੱਖੀਆਂ ਜਾਂਦੀਆਂ ਹਨ 'ਨਿਊਡ ਤਸਵੀਰਾਂ'
Saturday, Dec 01, 2018 - 04:20 PM (IST)

ਬੀਜਿੰਗ—ਚੀਨ 'ਚ ਨੌਜਵਾਨਾਂ ਨੂੰ ਲੋਨ ਲਈ ਬੈਂਕਾਂ ਦੀਆਂ ਅਜੀਬੋ-ਗਰੀਬ ਮੰਗਾਂ ਨੂੰ ਪੂਰਾ ਕਰਨਾ ਪੈ ਰਿਹਾ ਹੈ। ਇਕ ਰਿਪੋਰਟ ਅਨੁਸਾਰ ਇਥੇ ਲੋਨ ਲੈਣ ਵਾਲੀਆਂ ਕੰਪਨੀਆਂ ਅਤੇ ਬੈਂਕ ਨੌਜਵਾਨਾਂ ਦੀਆਂ ਨਿਊਡ ਸੈਲਫੀਆਂ ਗਹਿਣੇ ਰੱਖ ਰਹੀਆਂ ਹਨ। ਇਹ ਤਰੀਕਾ ਚੀਨ 'ਚ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਲੋਨ ਦੇਣ ਵਾਲੀਆਂ ਜ਼ਿਆਦਾਤਰ ਕੰਪਨੀਆਂ ਇਸ ਨੂੰ ਅਪਣਾ ਰਹੀਆਂ ਹਨ। ਵਾਈਸ ਆਸਟ੍ਰੇਲੀਆ ਦੀ ਖਬਰ ਮੁਤਾਬਕ ਆਨਲਾਈਨ ਲੋਨ ਦੇਣ ਵਾਲੀਆਂ ਕੰਪਨੀਆਂ ਨੇ ਇਸ ਤਰੀਕੇ ਨੂੰ ਸਭ ਤੋਂ ਜ਼ਿਆਦਾ ਅਪਣਾਇਆ ਹੈ। ਲੋਨ ਦੀ ਮੰਗ ਕਰਨ ਵਾਲੇ ਨੌਜਵਾਨਾਂ ਨੂੰ ਉਹ ਕਹਿੰਦੇ ਹਨ ਕਿ ਗਹਿਣੇ ਰੱਖਣ ਲਈ ਨਿਊਡ ਸੈਲਫੀ ਭੇਜੋ।
ਖਬਰਾਂ 'ਚ ਦੱਸਿਆ ਗਿਆ ਕਿ ਜੇਕਰ ਸਮੇਂ 'ਤੇ ਲੋਨ ਨਹੀਂ ਚੁਕਾਇਆ ਜਾਂਦਾ ਹੈ ਤਾਂ ਇਹ ਕੰਪਨੀਆਂ ਗਹਿਣੇ ਰੱਖੀਆਂ ਗਈਆਂ ਸੈਲਫੀਆਂ ਨੂੰ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਵਿਚਕਾਰ ਲੀਕ ਕਰਨ ਦੀ ਧਮਕੀ ਦਿੰਦੀਆਂ ਹਨ। ਉੱਧਰ ਕਈ ਕੰਪਨੀਆਂ ਦਿੱਤੇ ਗਏ ਲੋਨ 'ਤੇ ਜ਼ਿਆਦਾ ਵਿਆਜ ਵਸੂਲਣ ਲੱਗਦੀਆਂ ਹਨ ਅਤੇ ਫਿਰ ਉਨ੍ਹਾਂ ਤੋਂ ਨਿਊਡ ਸੈਲਫੀ ਜਾਂ ਵੀਡੀਓ ਦੀ ਮੰਗ ਕੀਤੀ ਜਾਂਦੀ ਹੈ। ਚੀਨ 'ਚ ਇਸ ਤਰ੍ਹਾਂ ਦੇ ਲੈਣ-ਦੇਣ ਨੂੰ 'ਨੇਕੇਡ ਲੋਨ ਸਰਵਿਸ' ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਚਾਈਨਾ ਯੂਥ ਡੇਲੀ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸਾਲ 2016 'ਚ ਛੋਟੇ ਦੇਣਦਾਰਾਂ ਨੇ 161 ਲੜਕੇ-ਲੜਕੀਆਂ ਦੀਆਂ ਨਿਊਡ ਤਸਵੀਰਾਂ/ਵੀਡੀਓ ਦਾ 10 ਜੀ.ਬੀ. ਡਾਟਾ ਲੀਕ ਕਰ ਦਿੱਤਾ ਸੀ। ਇਨ੍ਹਾਂ 'ਚੋਂ ਜ਼ਿਆਦਾਤਰ ਦੀ ਉਮਰ 19 ਤੋਂ 23 ਸਾਲ ਦੇ ਵਿਚਕਾਰ ਸੀ ਅਤੇ ਇਨ੍ਹਾਂ ਨੂੰ 1000 ਤੋਂ ਲੈ ਕੇ 2000 ਡਾਲਰ ਤੱਕ ਦਾ ਲੋਨ ਲੈ ਰੱਖਿਆ ਸੀ। ਇਨ੍ਹਾਂ ਲੋਕਾਂ ਨੇ ਆਪਣੀ ਫੋਟੋ ਆਈ.ਡੀ. ਨਾਲ ਨਿਊਡ ਤਸਵੀਰਾਂ ਦਿੱਤੀਆਂ ਸਨ। ਕਈ ਲੈਣਦਾਰਾਂ ਤੋਂ ਲੋਨ ਨਾ ਚੁਕਾਉਣ ਦੇ ਬਦਲੇ 'ਚ ਸੈਕਸ ਵਰਕਰ ਦਾ ਕੰਮ ਕਰਨ ਦੀਆਂ ਖਬਰਾਂ ਵੀ ਹਨ।
ਇਕ ਸਮਾਚਾਰ ਏਜੰਸੀ ਮੁਤਾਬਕ ਚੀਨ 'ਚ ਵੱਡੇ ਪੈਮਾਨੇ 'ਤੇ ਨਿਊਡ ਲੋਨ ਸਰਵਿਸਿਜ਼ ਦੇ ਤਹਿਤ ਕੰਮ ਹੋ ਰਿਹਾ ਹੈ। ਇਹ ਤਰੀਕਾ ਇਸ ਕਦਰ ਫੈਲ ਚੁੱਕਾ ਹੈ ਕਿ ਪਿਛਲੇ ਸਾਲ ਚੀਨ ਦੀ ਆਰਥਿਕ ਰੈਗੂਲੇਟਰੀ ਨੂੰ ਬਿਨ੍ਹਾਂ ਆਗਿਆ ਲੋਨ ਦੇਣ ਵਾਲੀਆਂ ਕੰਪਨੀਆਂ 'ਤੇ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ ਸੀ। ਸਰਕਾਰੀ ਕਾਰਵਾਈ ਤੋਂ ਬਾਅਦ ਵੀ ਸੋਸ਼ਲ ਮੀਡੀਆ ਰਾਹੀਂ ਵੀ ਇਹ ਕੰਮ ਧੜੱਲੇ ਨਾਲ ਚੱਲ ਰਿਹਾ ਹੈ।