ਲਿਜ਼ ਟਰਸ ਤੋਂ ਰਿਸ਼ੀ ਸੁਨਕ ਨੂੰ ਮਿਲੀ ਹਾਰ ਨਾਲ ਭਾਰਤੀਆਂ ’ਚ ਨਮੋਸ਼ੀ ਦਾ ਆਲਮ
Monday, Sep 05, 2022 - 09:32 PM (IST)
ਲੰਡਨ (ਸਰਬਜੀਤ ਸਿੰਘ ਬਨੂੜ) : ਬਰਤਾਨੀਆ ਦੀ ਸਿਆਸਤ ’ਚ ਵੱਡਾ ਨਾਂ ਕਮਾਉਣ ਵਾਲੇ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਵੱਡੀ ਲੀਡ ਨਾਲ ਹਰਾ ਕੇ ਵੱਕਾਰੀ ਅਹੁਦਾ ਜਿੱਤ ਕੇ ਲਿਜ਼ ਟਰਸ ਟੋਰੀ ਪਾਰਟੀ ਦੀ ਲੀਡਰ ਬਣ ਗਈ ਹੈ । ਲਿਜ਼ ਟਰਸ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੇਗੀ। ਰਿਸ਼ੀ ਸੁਨਕ ਦੀ ਹਾਰ ਨਾਲ ਭਾਰਤੀਆਂ ’ਚ ਨਮੋਸ਼ੀ ਪਾਈ ਜਾ ਰਹੀ ਹੈ। ਵੈਸਟਮਿੰਸਟਰ ’ਚ ਟੋਰੀ ਪਾਰਟੀ ਮੈਂਬਰਾਂ ਦੇ ਇਕ ਕਾਨਫਰੰਸ ਸੈਂਟਰ ’ਚ ਲਿਜ਼ ਟਰਸ ਨੂੰ ਟੋਰੀ ਪਾਰਟੀ ਦੀ ਲੀਡਰ ਚੁਣਿਆ ਗਿਆ। ਲੀਡਰਸ਼ਿਪ ਲਈ ਪਈਆਂ ਵੋਟਾਂ ’ਚ ਭਾਰਤੀ ਮੂਲ ਦੇ ਰਿਸ਼ੀ ਸੁਨਕ ਬਰਤਾਨੀਆ ਦੇ ਪ੍ਰਧਾਨ ਮੰਤਰੀ ਦੀ ਦੌੜ ’ਚ ਮਜ਼ਬੂਤ ਦਾਅਵੇਦਾਰ ਸਨ ਪਰ ਜ਼ਮੀਨੀ ਦੌੜ ’ਚ ਉਹ ਲਿਜ਼ ਟਰਸ ਤੋਂ 20927 ਵੋਟਾਂ ਨਾਲ ਹਾਰ ਗਏ। ਇਨ੍ਹਾਂ ਚੋਣਾਂ ’ਚ ਲਿਜ਼ ਟਰਸ ਨੂੰ 81326 ਤੇ ਰਿਸ਼ੀ ਸੁਨਕ ਨੂੰ 60399 ਵੋਟਾਂ ਮਿਲੀਆਂ।
ਇਹ ਖ਼ਬਰ ਵੀ ਪੜ੍ਹੋ : MP ਰਾਘਵ ਚੱਢਾ ਤੇ ਮੰਤਰੀ ਅਨਮੋਲ ਗਗਨ ਮਾਨ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਪਰਿਵਾਰ ਨੂੰ ਮਿਲੇ
ਭਾਰਤੀ ਮੂਲ ਦੇ ਰਿਸ਼ੀ ਸੁਨਕ ਦੇ ਬਰਤਾਨੀਆ ਪ੍ਰਧਾਨ ਮੰਤਰੀ ਨਾ ਬਣਨ ਨਾਲ ਭਾਰਤੀ ਲੋਕ ਨਿਰਾਸ਼ ਹੋ ਗਏ। ਜਾਣਕਾਰ ਸੂਤਰਾਂ ਮੁਤਾਬਕ ਬਰਤਾਨੀਆ ਸਿਆਸਤ ’ਚ ਚੰਗਾ ਰਸੂਖ਼ ਰੱਖਣ ਵਾਲੇ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੂੰ ਕੈਬਨਿਟ ’ਚ ਥਾਂ ਨਾ ਮਿਲਣ ਦੀਆਂ ਕਿਆਸ-ਅਰਾਈਆਂ ਹਨ, ਜਿਸ ’ਚ ਰਿਸ਼ੀ ਸੁਨਕ ਦੇ ਨਾਲ ਪ੍ਰੀਤੀ ਪਟੇਲ ਨੂੰ ਕੈਬਨਿਟ ’ਚ ਥਾਂ ਨਹੀਂ ਮਿਲੇਗੀ। ਲਿਜ਼ ਟਰਸ ਨੇ ਕਿਹਾ ਕਿ ਇਸ ਸਖ਼ਤ ਲੜਾਈ ਮੁਹਿੰਮ ਲਈ ਉਹ ਸੁਨਕ ਦਾ ਧੰਨਵਾਦ ਕਰਦੀ ਹੈ। ਭਾਰਤੀਆਂ ਨੇ ਕਿਹਾ ਕਿ ਰਿਸ਼ੀ ਸੁਨਕ ਨੂੰ ਮੌਜੂਦ ਐੱਮ. ਪੀਜ਼ ਦਾ ਪੂਰਨ ਸਮਰਥਨ ਸੀ ਪਰ ਜ਼ਮੀਨੀ ਪੱਧਰ ’ਤੇ ਰਿਸ਼ੀ ਸੁਨਕ ਵੱਡੀ ਪੱਧਰ ’ਤੇ ਹਾਰ ਗਏ। ਭਾਵੇਂ ਕਿ ਬਰਤਾਨੀਆ ’ਚ ਏਸ਼ੀਅਨ, ਖ਼ਾਸ ਤੌਰ ’ਤੇ ਭਾਰਤੀਆਂ ਨੇ ਤਰੱਕੀ ’ਚ ਬਹੁਤ ਵੱਡਾ ਯੋਗਦਾਨ ਪਾਇਆ ਪਰ ਅੱਜ ਵੀ ਬਹੁਤ ਥਾਵਾਂ ’ਤੇ ਭਾਰਤੀ ਲੋਕਾਂ ਨੂੰ ਨਸਲੀ ਹਮਲਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਦੀ ਵੱਡੀ ਕਾਰਵਾਈ, ਸਹਿਕਾਰੀ ਸਭਾ ’ਚ ਕਰੋੜਾਂ ਦੇ ਹੋਏ ਘਪਲੇ ਦਾ ਕੀਤਾ ਪਰਦਾਫ਼ਾਸ਼