ਕੈਨੇਡਾ ''ਚ ਚੋਰਾਂ ਨੇ ਬੀਅਰ ਦੀਆਂ ਬੋਤਲਾਂ ਨਾਲ ਭਰੇ ਟਰੱਕ ਨੂੰ ਬਣਾਇਆ ਨਿਸ਼ਾਨਾ

01/27/2018 2:37:50 PM

ਡੈਲਟਾ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਡੈਲਟਾ 'ਚ ਚੋਰਾਂ ਦੇ ਹੌਂਸਲੇ ਇੰਨੇ ਕੁ ਬੁਲੰਦ ਹੋ ਗਏ ਕਿ ਉਨ੍ਹਾਂ ਨੇ ਬੀਅਰ ਦੀਆਂ ਬੋਤਲਾਂ ਨਾਲ ਭਰੇ ਟਰੱਕ 'ਤੇ ਹੀ ਹੱਥ ਸਾਫ ਕਰ ਦਿੱਤਾ। ਟਰੱਕ 'ਚ ਤਕਰੀਬਨ 2,592 ਬੀਅਰ ਦੀਆਂ ਬੋਤਲਾਂ ਦੇ ਡੱਬੇ ਸਨ ਅਤੇ ਇਨ੍ਹਾਂ ਦੀ ਬਾਜ਼ਾਰ 'ਚ ਕੀਮਤ ਲਗਭਗ 155,000 ਡਾਲਰ ਹੈ। ਇਸ ਚੋਰੀ ਨਾਲ ਮਾਲਕ ਨੂੰ ਵੱਡਾ ਘਾਟਾ ਹੋਇਆ ਹੈ। ਕੰਪਨੀ ਦੇ ਜੀ.ਪੀ.ਐੱਸ. ਟਰੈਕਿੰਗ ਸਿਸਟਮ ਦੀ ਮਦਦ ਨਾਲ ਪਤਾ ਲੱਗਾ ਹੈ ਕਿ ਚੋਰ ਟਰੱਕ ਨੂੰ ਰਿਚਮੰਡ ਦੇ 8000 ਬਲਾਕ ਨੇੜੇ ਲੈ ਆਏ ਅਤੇ ਜਦ ਇੱਥੇ ਪੁਲਸ ਪੁੱਜੀ ਤਾਂ ਉਨ੍ਹਾਂ ਨੂੰ ਖਾਲੀ ਟਰੱਕ ਹੀ ਮਿਲਿਆ। ਇਸ 'ਚ ਭਰੀਆਂ ਟਰੱਕ ਦੀਆਂ ਬੋਤਲਾਂ ਦਾ ਕੋਈ ਨਾਂ-ਨਿਸ਼ਾਨ ਵੀ ਨਹੀਂ ਸੀ। ਡੈਲਟਾ ਪੁਲਸ ਨੇ ਕਿਹਾ ਕਿ ਅਜਿਹੀ ਚੋਰੀ ਪਹਿਲਾ ਕਦੇ ਦੇਖਣ ਨੂੰ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਅਤੇ ਜਲਦੀ ਹੀ ਕੋਈ ਨਾ ਕੋਈ ਸਬੂਤ ਜ਼ਰੂਰ ਮਿਲੇਗਾ। 
ਜਾਣਕਾਰੀ ਮੁਤਾਬਕ ਬੀਅਰ ਦੇ ਡੱਬਿਆਂ ਨਾਲ ਭਰਿਆ ਇਹ ਟਰੱਕ 20 ਜਨਵਰੀ ਨੂੰ ਅਲਫੋਰਡ ਅਵੈਨਿਓ ਦੇ 600 ਬਲਾਕ 'ਚੋਂ ਚੋਰੀ ਹੋਇਆ ਸੀ ਅਤੇ 21 ਜਨਵਰੀ ਨੂੰ ਟਰੱਕ ਤਾਂ ਮਿਲਿਆ ਸੀ ਪਰ ਇਸ 'ਚੋਂ ਬੀਅਰ ਦੀਆਂ ਬੋਤਲਾਂ ਚੋਰੀ ਹੋ ਚੁੱਕੀਆਂ ਸਨ। ਪੁਲਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੁਲਸ ਨੂੰ ਜ਼ਰੂਰ ਦੱਸਣ।


Related News