ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਲੀਬੀਆ ਦੇ ਤੱਟ 'ਤੇ ਪਲਟੀ, 57 ਲੋਕਾਂ ਦੀ ਮੌਤ

Tuesday, Jul 27, 2021 - 10:06 AM (IST)

ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਲੀਬੀਆ ਦੇ ਤੱਟ 'ਤੇ ਪਲਟੀ, 57 ਲੋਕਾਂ ਦੀ ਮੌਤ

ਕਾਹਿਰਾ (ਬਿਊਰੋ): ਅਫਰੀਕੀ ਪ੍ਰਵਾਸੀਆਂ ਨੂੰ ਲਿਜਾ ਰਹੀ ਇਕ ਕਿਸ਼ਤੀ ਸੋਮਵਾਰ ਨੂੰ ਲੀਬੀਆ ਦੇ ਤੱਟ 'ਤੇ ਪਲਟ ਗਈ। ਇਸ ਹਾਦਸੇ ਵਿਚ ਘੱਟੋ-ਘੱਟ 57 ਲੋਕਾਂ ਦੀ ਮੌਤ ਹੋ ਗਈ। ਸੰਯੁਕਤ ਰਾਸ਼ਟਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇੰਟਰਨੈਸ਼ਨਲ ਓਰਗੇਨਾਈਜੇਸ਼ਨ ਫੌਰ ਮਾਈਗ੍ਰੇਸ਼ਨ ਦੇ ਬੁਲਾਰੇ ਸਫਾ ਮਸੇਹਲੀ ਨੇ ਕਿਹਾ ਕਿ ਇਹ ਕਿਸ਼ਤੀ ਐਤਵਾਰ ਨੂੰ ਪੱਛਮੀ ਤਟੀ ਸ਼ਹਿਰ ਖਮਸ ਤੋਂ ਰਵਾਨਾ ਹੋਈ ਸੀ।

ਸਮਾਚਾਰ ਏਜੰਸੀ ਏਪੀ ਮੁਤਾਬਕ ਸਫਾ ਮਸੇਹਲੀ ਨੇ ਕਿਹਾ ਕਿ ਬੀਬੀਆਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 75 ਪ੍ਰਵਾਸੀ ਕਿਸ਼ਤੀ ਵਿਚ ਸਵਾਰ ਸਨ, ਜਿਸ ਦੇ ਡੁੱਬਣ ਨਾਲ ਵੱਡੀ ਗਿਣਤੀ ਵਿਚ ਲੋਕ ਮਾਰੇ ਗਏ। ਉਹਨਾਂ ਨੇ ਇਹ ਵੀ ਕਿਹਾ ਕਿ ਮਛੇਰਿਆਂ ਅਤੇ ਲੀਬੀਆ ਦੇ ਤੱਟ ਰੱਖਿਅਕਾਂ ਨੇ 18 ਪ੍ਰਵਾਸੀਆਂ ਨੂੰ ਬਚਾਅ ਮੁਹਿੰਮ ਵਿਚ ਬਚਾ ਲਿਆ ਅਤੇ ਤੱਟ 'ਤੇ ਵਾਪਸ ਭੇਜ ਦਿੱਤਾ।ਜਿਹੜੇ ਲੋਕ ਇਸ ਹਾਦਸੇ ਵਿਚ ਬਚੇ ਹਨ ਉਹਨਾਂ ਵਿਚੋਂ ਜ਼ਿਆਦਾਤਰ ਲੋਕ ਨਾਈਜੀਰੀਆ, ਘਾਨਾ ਅਤੇ ਗਾਬੀਆ ਤੋਂ ਹਨ। 

ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ ਦੇ ਪਰਬਤ ਆਰੋਹੀ ਦੀ ਕੇ-2 ਪਹਾੜੀ ਚੋਟੀ 'ਤੇ ਚੜ੍ਹਾਈ ਦੌਰਾਨ ਮੌਤ

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਕਿਸ਼ਤੀ ਇੰਜਣ ਦੀ ਖਰਾਬੀ ਕਾਰਨ ਰੁੱਕ ਗਈ ਸੀ। ਮੌਸਮ ਖਰਾਬ ਹੋਇਆ ਅਤੇ ਇਸੇ ਦੌਰਾਨ ਕਿਸ਼ਤੀ ਪਲਟਣ ਨਾਲ ਇਹ ਹਾਦਸਾ ਵਾਪਰਿਆ। ਯੂਰਪ ਵਿਚ ਬਿਹਤਰ ਜੀਵਨ ਦੀ ਭਾਲ ਕਰਨ ਵਾਲੇ ਪ੍ਰਵਾਸੀਆਂ ਦੀ ਦੁਖਦਾਈ ਮੌਤ ਇਸ ਹਾਦਸੇ ਵਿਚ ਹੋ ਗਈ। ਭੂਮੱਧ ਸਾਗਰ ਵਿਚ ਖਰਾਬ ਮੌਸਮ ਕਾਰਨ ਵਾਪਰੇ ਇਸ ਹਾਦਸੇ ਵਿਚ ਬੇਕਸੂਰ ਲੋਕ ਮਾਰੇ ਗਏ।

ਪ੍ਰਵਾਸੀਆਂ ਲਈ ਟ੍ਰਾਂਜਿਟ ਪੁਆਇੰਟ ਬਣਿਆ ਲੀਬੀਆ
ਹਾਲ ਦੇ ਮਹੀਨਿਆਂ ਵਿਚ ਲੀਬੀਆਂ ਤੋਂ ਪ੍ਰਵਾਸੀਆਂ ਦੀ ਘੁਸਪੈਠ ਦੀਆਂ ਕੋਸ਼ਿਸ਼ਾਂ ਦੇ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆਏ ਹਨ। ਐਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਹੈ ਕਿ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਵਿਚ ਸਮੁੰਦਰ ਵਿਚ ਫੜੇ ਗਏ 7000 ਤੋਂ ਵੱਧ ਲੋਕਾਂ ਨੂੰ ਜ਼ਬਰਦਸਤੀ ਲੀਬੀਆ ਵਿਚ ਹਿਰਾਸਤ ਕੈਂਪਾਂ ਵਿਚ ਭੇਜ ਦਿੱਤਾ ਗਿਆ ਹੈ।ਲੀਬੀਆ ਹਾਲ ਹੀ ਦੇ ਸਾਲਾਂ ਵਿਚ ਅਫਰੀਕਾ ਅਤੇ ਮੱਧ ਪੂਰਬ ਵਿਚ ਯੁੱਧ ਅਤੇ ਗਰੀਬੀ ਤੋਂ ਭੱਜ ਰਹੇ ਪ੍ਰਵਾਸੀਆਂ ਲਈ ਪ੍ਰਮੁੱਖ ਟ੍ਰਾਂਜਿਟ ਪੁਆਇੰਟ ਦੇ ਤੌਰ 'ਤੇ ਉਭਰਿਆ ਹੈ।

ਨੋਟ- ਲੀਬੀਆ ਵਿਚ ਵਾਪਰੇ ਦੁਖਦਾਈ ਹਾਦਸੇ 'ਤੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News