ਲੈਸਟਰ ਵਿਖੇ ਵਿਸਾਖੀ ਰੇਡੀਓ ਦੇ ਪ੍ਰਜੈਂਟਰਾਂ ਦਾ ਮਾਣ-ਪੱਤਰਾਂ ਨਾਲ ਉੱਚੇਚਾ ਸਨਮਾਨ

Wednesday, May 09, 2018 - 02:53 PM (IST)

ਲੰਡਨ(ਰਾਜਵੀਰ ਸਮਰਾ)— ਯੂ. ਕੇ. ਦੇ ਵਿਸਾਖੀ ਰੇਡੀਓ ਬੋਰਡ ਨੇ ਲੈਸਟਰ ਵਿਚ 6 ਮਈ 2018 ਨੂੰ ਪੰਜਾਬੀ ਇਲੈੱਕਟ੍ਰਾਨਿਕ ਮੀਡੀਆ ਦੇ ਇਤਿਹਾਸ ਵਿਚ ਪਰੰਪ੍ਰਾਗਤ ਲੀਹਾਂ ਤੋਂ ਹੱਟ ਕੇ ਇਕ ਨਵਾਂ ਮੀਲ ਪੱਥਰ ਉਸ ਵੇਲੇ ਸਥਾਪਿਤ ਕੀਤਾ ਜਦੋਂ ਰੇਡੀਓ ਦੀ ਕਾਮਯਾਬੀ ਲਈ ਉੱਚ ਦਰਜੇ ਦੀਆਂ ਸੇਵਾਵਾਂ ਨਿਭਾਉਣ ਵਾਲੇ ਸਮੂਹ ਪ੍ਰਬੰਧਕਾਂ ਅਤੇ ਪੇਸ਼ਕਾਰਾਂ ਨੂੰ ਉਨ੍ਹਾਂ ਵੱਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਬਦਲੇ, ਓਡਬੀ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਪ੍ਰਸ਼ੰਸਾ ਪੱਤਰ, ਵਿਸ਼ਵ ਪ੍ਰਸਿੱਧ ਚਿੱਤਰਕਾਰ ਸਰਦਾਰ ਸਰੂਪ ਸਿੰਘ (ਐਮ.ਬੀ.ਈ.) ਵੱਲੋਂ ਪ੍ਰਦਾਨ ਕੀਤੇ ਗਏ। ਵਰਨਣਯੋਗ ਹੈ ਕਿ ਲੈਸਟਰ ਦਾ ਵਿਸਾਖੀ ਰੇਡੀਓ ਇੰਗਲੈਂਡ ਦੇ ਪਲੇਠੇ ਪੰਜਾਬੀ ਰੇਡੀਓ ਸਟੇਸ਼ਨਾਂ ਵਿਚੋਂ ਇਕ ਹੈ, ਜੋ 1992 ਤੋਂ ਲਗਾਤਾਰ ਕਮਿਊਨਿਟੀ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਿਹਾ ਹੈ।

PunjabKesari
ਇਸ ਰੇਡੀਓ ਸਟੇਸ਼ਨ 'ਤੇ ਟਰੇਨਿੰਗ ਲੈ ਕੇ ਗਏ ਪ੍ਰਜੈਂਟਰ, ਅੱਜ ਇੰਗਲੈਂਡ ਦੇ ਵੱਖ-ਵੱਖ ਰੇਡੀਓ ਸਟੇਸ਼ਨਾਂ ਅਤੇ ਟੈਲੀ-ਚੈਨਲਾਂ 'ਤੇ ਨਾਮਣਾ ਖੱਟ ਰਹੇ ਹਨ। ਹਰ ਪ੍ਰਜੈਂਟਰ ਆਪਣੇ ਖਿੱਤੇ ਵਿਚ ਪੂਰੀ ਮੁਹਾਰਤ ਰੱਖਦਾ ਹੈ ਜਿਵੇਂ ਕਿ ਦਲਜੀਤ ਨੀਰ ਨੇ ਸੰਗੀਤ ਦੀ ਦੁਨੀਆ ਵਿਚ ਨਾਂਅ ਕਮਾਇਆ ਹੈ ਤੇ ਪ੍ਰੋ. ਸ਼ੰਗਾਰਾ ਸਿੰਘ ਨੇ ਸਾਹਿਤ ਵਿਚ ਕਵੀ ਦਰਬਾਰ, ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਪ੍ਰੋਗਰਾਮਾਂ ਵਿਚ, ਜਿੱਥੇ ਦੁਨੀਆ ਭਰ ਦੇ ਲੋਕ ਇੰਟਰਨੈੱਟ 'ਤੇ ਉਨ੍ਹਾਂ ਨੂੰ ਸੁਣਦੇ ਵੀ ਹਨ ਅਤੇ ਸ਼ਮੂਲੀਅਤ ਵੀ ਕਰਦੇ ਹਨ। ਉਥੇ ਹੀ ਸੁਖਵੀਰ ਕੌਰ ਦੀ ਕੋਆਰਡੀਨੇਸ਼ਨ ਦੇ ਪ੍ਰਬੰਧਕਾਂ ਨੇ ਤਾਰੀਫ਼ ਕੀਤੀ ਅਤੇ ਕਿਹਾ ਕਿ ਉਹ ਸ੍ਰੋਤਿਆਂ ਅਤੇ ਪ੍ਰਜੈਂਟਰਾਂ ਵਿਚ ਮਜ਼ਬੂਤ ਕੜੀ ਦਾ ਕੰਮ ਕਰਦੀ ਹੈ ਅਤੇ ਮੁੱਖ-ਪ੍ਰਬੰਧਕ ਸੁਖਦੇਵ ਸਿੰਘ ਔਜਲਾ ਰੇਡੀਓ ਦੀ ਕਾਮਯਾਬੀ ਲਈ ਦਿਨ-ਰਾਤ ਇਕ ਕਰ ਦਿੰਦੇ ਹਨ।
ਪੇਸ਼ਕਾਰਾਂ ਵਿਚ ਨਵਦੀਪ ਕੌਰ, ਬਲਵੰਤ ਸਿੰਘ ਲਿੱਤਰਾਂ ਵਾਲੇ, ਪਿੰਕੀ ਤਾਰਾ, ਹਰਿੰਦਰ ਕੌਰ ਜੌਹਲ, ਡਾ: ਸ਼ਿੰਦਰਪਾਲ ਸਿੰਘ, ਮਹਿੰਦਰਪਾਲ ਸਿੰਘ ਕਵੀ, ਗੁਰਮੀਤ ਸਿੰਘ ਸੰਧੂ, ਹਿੰਦਪਾਲ ਸਿੰਘ, ਜਸਵਿੰਦਰ ਕੌਰ, ਬਲਵੀਰ ਸਿੰਘ ਸਰਪੰਚ, ਭੁਪਿੰਦਰ ਕੌਰ ਅਤੇ ਗੁਰਜੀਤ ਸਿੰਘ ਸਮਰਾ ਆਦਿ ਸ਼ਾਮਲ ਹਨ ਜਿਨ੍ਹਾਂ ਦੇ ਪ੍ਰੋਗਰਾਮ ਤਾਂ ਲੋਕ ਕੰਮ ਰੋਕ ਕੇ ਵੀ ਸੁਣਦੇ ਹਨ। ਰੇਡੀਓ ਬੋਰਡ ਦੇ ਸਮੂਹ ਪ੍ਰਬੰਧਕਾਂ, ਗੁਰਬਿੰਦਰ ਸਿੰਘ ਸਮਰਾ, ਕਸ਼ਮੀਰ ਸਿੰਘ ਖ਼ਾਲਸਾ, ਮਨਦੀਪ ਸਿੰਘ ਚਿੱਟੀ ਅਤੇ ਰੇਡੀਓ ਦੇ ਟੈਕਨੀਸ਼ਨ ਕੁਲਵੰਤ ਸਿੰਘ ਧੀਮਾਨ ਨੇ ਪੇਸ਼ਕਾਰਾਂ ਵਲੋਂ ਕੀਤੀ ਗਈ ਵਲੰਟੀਅਰ ਸੇਵਾ ਅਤੇ ਵਡਮੁੱਲੇ ਯੋਗਦਾਨ ਲਈ ਧੰਨਵਾਦ ਕੀਤਾ। ਇਸ ਮੌਕੇ ਓਡਬੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਅਤੇ ਆਈ ਸੰਗਤ ਦੀ ਆਓ-ਭਗਤ ਲਈ, ਉਨ੍ਹਾਂ ਵਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਗਈ।


Related News