ਲੀਸੈਸਟਰ ’ਚ ਹਿੰਦੂ-ਮੁਸਲਿਮ ਨੇਤਾਵਾਂ ਵੱਲੋਂ ਇਕਜੁੱਟ ਹੋ ਸਦਭਾਵਨਾ ਦੀ ਅਪੀਲ, ਝੜਪਾਂ ਨੂੰ ਲੈ ਕੇ 47 ਗ੍ਰਿਫ਼ਤਾਰ
Wednesday, Sep 21, 2022 - 02:02 AM (IST)
ਲੰਡਨ : ਪੂਰਬੀ ਇੰਗਲੈਂਡ ਦੇ ਸ਼ਹਿਰ ਲੀਸੈਸਟਰ ’ਚ ਹੋਏ ਦੰਗਿਆਂ ਤੋਂ ਬਾਅਦ ਹਿੰਦੂ ਅਤੇ ਮੁਸਲਿਮ ਭਾਈਚਾਰੇ ਦੇ ਨੇਤਾਵਾਂ ਨੇ ਮਿਲ ਕੇ ਮੰਗਲਵਾਰ ਨੂੰ ਇਕਜੁੱਟ ਹੋ ਕੇ ਸਦਭਾਵਨਾ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਪੁਲਸ ਨੇ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਤੋਂ ਬਾਅਦ ਹੋਈ ਹਿੰਸਕ ਝੜਪ ਦੇ ਮਾਮਲੇ ’ਚ 47 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਹਿਰ ਦੇ ਇਸਕਾਨ ਮੰਦਰ ਦੇ ਪ੍ਰਧਾਨ ਪ੍ਰਦਿਊਮਨ ਦਾਸ ਨੇ ਸ਼ਹਿਰ ਦੀ ਇਕ ਮਸਜਿਦ ਦੇ ਬਾਹਰ ਮੁਸਲਿਮ ਭਾਈਚਾਰੇ ਦੇ ਨੇਤਾਵਾਂ ਦੇ ਨਾਲ ਇਕ ਬਿਆਨ ਪੜ੍ਹਿਆ, ਜਿਸ ’ਚ ਹਫ਼ਤੇ ਦੇ ਅੰਤ ’ਚ ਹੋਈ ਹਿੰਸਾ ’ਤੇ "ਦੁੱਖ" ਪ੍ਰਗਟ ਕੀਤਾ ਗਿਆ ਹੈ।
ਭਾਈਚਾਰੇ ਦੇ ਨੇਤਾਵਾਂ ਨੇ ਮੰਗ ਕੀਤੀ ਕਿ "ਨਫ਼ਰਤ ਭੜਕਾਉਣ ਵਾਲੇ" ਲੀਸੈਸਟਰ ਨੂੰ ਛੱਡ ਦੇਣ ਅਤੇ ਭੜਕਾਹਟ ਦੀ ਕਾਰਵਾਈ ਤੇ ਹਿੰਸਾ ਨੂੰ ਤੁਰੰਤ ਬੰਦ ਕੀਤਾ ਜਾਵੇ। ਬਿਆਨ ’ਚ ਕਿਹਾ ਗਿਆ ਹੈ, “ਸਾਡੇ ਵਿਚਕਾਰ ਨਫ਼ਰਤ ਬੀਜਣ ਵਾਲੇ ਕਿਸੇ ਵੀ ਵਿਅਕਤੀ ਲਈ ਸਾਡਾ ਸੰਦੇਸ਼ ਸਪੱਸ਼ਟ ਹੈ : ਅਸੀਂ ਤੁਹਾਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਅਸੀਂ ਸਾਰਿਆਂ ਨੂੰ ਮਸਜਿਦਾਂ ਅਤੇ ਮੰਦਰਾਂ ਸਮੇਤ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਦਾ ਬਰਾਬਰ ਸਤਿਕਾਰ ਕਰਨ ਲਈ ਆਖਦੇ ਹਾਂ।” ਬਿਆਨ ਮੁਤਾਬਕ ਭੜਕਾਊ ਕਾਰਵਾਈਆਂ ਬੰਦ ਕੀਤੀਆਂ ਜਾਣ, ਭਾਵੇਂ ਉਹ ਉੱਚੀ ਆਵਾਜ਼ ’ਚ ਸੰਗੀਤ ਵਜਾਉਣਾ, ਝੰਡੇ ਚੁੱਕਣਾ, ਅਪਮਾਨਜਨਕ ਨਾਅਰੇ ਲਗਾਉਣਾ ਜਾਂ ਹਮਲੇ ਕਰਨਾ ਹੋਵੇ। ਉਸ ’ਚ ਕਿਹਾ ਗਿਆ ਹੈ, "ਇਹ ਸਵੀਕਾਰਯੋਗ ਨਹੀਂ ਹੈ ਅਤੇ ਨਾ ਹੀ ਸਾਡੇ ਧਰਮ ਅਜਿਹਾ ਕਹਿੰਦੇ ਹਨ।"
ਬਿਆਨ ’ਚ ਕਿਹਾ ਗਿਆ ਹੈ, "ਅਸੀਂ ਇਕ ਮਜ਼ਬੂਤ ਪਰਿਵਾਰ ਹਾਂ, ਅਸੀਂ ਜੋ ਵੀ ਚਿੰਤਾਵਾਂ ਹਨ, ਨੂੰ ਹੱਲ ਕਰਨ ਲਈ ਮਿਲ ਕੇ ਕੰਮ ਕਰਾਂਗੇ।" ਸਾਨੂੰ ਸ਼ਹਿਰ ’ਚ ਬਾਹਰੋਂ ਆਏ ਲੋਕਾਂ ਦੀ ਮਦਦ ਦੀ ਲੋੜ ਨਹੀਂ ਹੈ। ਵੰਡ ਪੈਦਾ ਕਰਨ ਵਾਲੀ ਵਿਦੇਸ਼ੀ ਕੱਟੜਪੰਥੀ ਵਿਚਾਰਧਾਰਾ ਲਈ ਲੀਸੈਸਟਰ ’ਚ ਕੋਈ ਥਾਂ ਨਹੀਂ ਹੈ।" ਉਸ ’ਚ ਕਿਹਾ ਗਿਆ ਹੈ ਕਿ ਹਿੰਦੂ ਅਤੇ ਮੁਸਲਮਾਨ ਅੱਧੀ ਸਦੀ ਤੋਂ ਸ਼ਹਿਰ ’ਚ ਇਕੱਠੇ ਰਹਿੰਦੇ ਆਏ ਹਨ। ਬ੍ਰਿਟਿਸ਼ ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਪੁਲਸ ਬਲ ਦੰਗਿਆਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਗਸ਼ਤ ਕਰ ਰਹੇ ਸਨ। ਇਸ ਤੋਂ ਪਹਿਲਾਂ ਲੰਡਨ ’ਚ ਭਾਰਤੀ ਹਾਈ ਕਮਿਸ਼ਨਰ ਨੇ ਇਕ ਬਿਆਨ ਜਾਰੀ ਕਰਕੇ ਭਾਰਤੀ ਭਾਈਚਾਰੇ ਵਿਰੁੱਧ ਹਿੰਸਾ ਦੀ ਸਖ਼ਤ ਨਿੰਦਾ ਕੀਤੀ ਸੀ ਅਤੇ ਪ੍ਰਭਾਵਿਤ ਲੋਕਾਂ ਲਈ ਸੁਰੱਖਿਆ ਦੀ ਮੰਗ ਕੀਤੀ ਸੀ।
ਲੀਸੈਸਟਰ ਪੁਲਸ ਦਾ ਕਹਿਣਾ ਹੈ ਕਿ ਇਕ 20 ਸਾਲਾ ਵਿਅਕਤੀ ਨੂੰ ਸ਼ਹਿਰ ’ਚ ਝੜਪ ਦੌਰਾਨ ਹਥਿਆਰ ਰੱਖਣ ਦਾ ਦੋਸ਼ੀ ਮੰਨਣ ਤੋਂ ਬਾਅਦ 10 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਥਾਨਕ ਨਿਵਾਸੀ ਅਮੋਸ ਨੋਰੋਨਹਾ ਨੂੰ ਸ਼ਨੀਵਾਰ ਘਟਨਾ ਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਲੀਸੈਸਟਰ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਉਸ ਦੇ ਖ਼ਿਲਾਫ਼ ਲੋੜੀਂਦੇ ਸਬੂਤ ਸਨ, ਜਿਸ ਦੇ ਆਧਾਰ ’ਤੇ ਉਸ ’ਤੇ ਉਸ ’ਤੇ ਦੋਸ਼ ਲਾਏ ਗਏ। ਲੀਸੈਸਟਰਸ਼ਾਇਰ ਪੁਲਸ ਦੇ 'ਆਰਜ਼ੀ ਚੀਫ ਕਾਂਸਟੇਬਲ' ਰੌਬ ਨਿਕਸਨ ਨੇ ਕਿਹਾ ਕਿ ਕਾਰਵਾਈ ਦਰਸਾਉਂਦੀ ਹੈ ਕਿ ਇਕ ਗੰਭੀਰ ਅਪਰਾਧ ਕੀਤਾ ਗਿਆ ਸੀ ਅਤੇ ਉਹ ਜੇਲ੍ਹ ’ਚ ਰਹੇਗਾ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸ਼ਹਿਰ ’ਚ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਪੁਲਸ ਨੇ ਦੱਸਿਆ ਕਿ ਸ਼ਹਿਰ ਦੇ ਪੂਰਬੀ ਹਿੱਸੇ ’ਚ ਪੁਲਸ ਦੀ ਗਸ਼ਤ ਜਾਰੀ ਹੈ ਤਾਂ ਜੋ ਕੋਈ ਗੜਬੜੀ ਦੀ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਹੋਏ ਝੜਪਾਂ ਦੇ ਸਬੰਧ ਵਿੱਚ ਕੁੱਲ 47 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ’ਚੋਂ ਕੁਝ ਬਰਮਿੰਘਮ ਸਮੇਤ ਹੋਰ ਸ਼ਹਿਰਾਂ ਦੇ ਹਨ।