20 ਹਜ਼ਾਰ ਫੁੱਟ ਦੀ ਉੱਚਾਈ ''ਤੇ ਇੰਜਣ ਦੇ ਉੱਡੇ ਪਰਖੱਚੇ, ਤਸਵੀਰ ਵਾਇਰਲ
Monday, Dec 03, 2018 - 03:11 PM (IST)

ਵਾਸ਼ਿੰਗਟਨ (ਬਿਊਰੋ)— ਹਾਦਸਾ ਕਿਸੇ ਵੀ ਸਮੇਂ ਅਤੇ ਕਿਤੇ ਵੀ ਹੋ ਸਕਦਾ ਹੈ। ਕੁਝ ਹਾਦਸੇ ਇੰਨੇ ਭਿਆਨਕ ਹੁੰਦੇ ਹਨ ਕਿ ਕਾਫੀ ਸਮੇਂ ਤੱਕ ਚਰਚਾ ਵਿਚ ਰਹਿੰਦੇ ਹਨ। ਅਜਿਹਾ ਹੀ ਇਕ ਹਾਦਸਾ ਜ਼ਮੀਨ ਤੋਂ ਲੱਗਭਗ 20 ਹਜ਼ਾਰ ਫੁੱਟ ਦੀ ਉੱਚਾਈ 'ਤੇ ਹਵਾ ਵਿਚ ਹੋਇਆ। ਹਾਲ ਹੀ ਵਿਚ ਲਾਸ ਵੇਗਾਸ ਤੋਂ ਫਲੋਰੀਡਾ ਜਾ ਰਹੀ ਫਰੰਟੀਅਰ ਏਅਰਲਾਈਨਜ਼ ਦੀ ਇਕ ਫਲਾਈਟ ਦਾ ਇੰਜਣ ਉਡਾਣ ਭਰਨ ਦੇ ਲੱਗਭਗ 15 ਮਿੰਟ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਇਸ ਨਾਲ ਇੰਜਣ ਦੇ ਟੁੱਕੜੇ ਟੁੱਟ ਕੇ ਜ਼ਮੀਨ 'ਤੇ ਡਿੱਗਣ ਲੱਗੇ ਸਨ। ਚੰਗੀ ਕਿਸਮਤ ਨਾਲ ਪਾਇਲਟ ਨੇ ਸਮਝਦਾਰੀ ਨਾਲ ਕੰਮ ਲੈਂਦੇ ਹੋਏ ਫਲਾਈਟ ਦੀ ਲਾਸ ਵੇਗਾਸ 'ਤੇ ਹੀ ਐਮਰਜੈਂਸੀ ਲੈਡਿੰਗ ਕਰਵਾਈ ਅਤੇ ਸਾਰੇ ਯਾਤਰੀਆਂ ਦੀ ਜਾਨ ਬਚਾ ਲਈ।
ਹਾਦਸੇ ਸਮੇਂ ਚਾਲਕ ਦਲ ਦੇ ਮੈਂਬਰਾਂ ਸਮੇਤ 166 ਯਾਤਰੀ ਫਲਾਈਟ ਵਿਚ ਸਵਾਰ ਸਨ। ਹਾਦਸੇ ਸਮੇਂ ਫਲਾਈਟ ਵਿਚ ਸਫਰ ਕਰ ਰਹੇ ਇਕ ਯਾਤਰੀ ਨੇ ਦੱਸਿਆ ਕਿ ਟੇਕ ਆਫ ਦੇ ਕੁਝ ਦੇਰ ਬਾਅਦ ਹੀ ਉਸ ਵਿਚੋਂ ਕੁਝ ਅਜੀਬ ਅਵਾਜ਼ਾਂ ਆਉਣ ਲੱਗੀਆਂ। ਥੋੜ੍ਹੀ ਦੇਰ ਬਾਅਦ ਇੰਜਣ ਦਾ ਕਵਰ ਟੁੱਟ ਗਿਆ। ਇਸ ਦੇ ਤੁਰੰਤ ਬਾਅਦ ਚਾਲਕ ਦਲ ਦੇ ਮੈਂਬਰਾਂ ਨੇ ਇਕ ਸਪੈਸ਼ਲ ਐਲਾਨ ਕੀਤਾ। ਚਾਲਕ ਦਲ ਦੇ ਮੈਂਬਰ ਨੇ ਦੱਸਿਆ ਕਿ ਫਲਾਈਟ ਦੇ ਇੰਜਣ ਵਿਚ ਖਰਾਬੀ ਆਉਣ ਕਾਰਨ ਸਾਨੂੰ ਐਮਰਜੈਂਸੀ ਲੈਂਡਿੰਗ ਕਰਨੀ ਪੈ ਰਹੀ ਹੈ। ਇੰਨਾ ਸੁਣਦੇ ਹੀ ਯਾਤਰੀ ਦਹਿਸ਼ਤ ਵਿਚ ਆ ਗਏ।
ਇਸ ਦੌਰਾਨ ਖਿੜਕੀ ਨੇੜੇ ਬੈਠੇ ਕੁਝ ਲੋਕਾਂ ਨੇ ਵਾਈਫਾਈ ਜ਼ਰੀਏ ਹਾਦਸਾਗ੍ਰਸਤ ਇੰਜਣ ਦੀ ਤਸਵੀਰ ਅਤੇ ਵੀਡੀਓ ਆਪਣੇ ਸੋਸ਼ਲ ਅਕਾਊਂਟ 'ਤੇ ਸ਼ੇਅਰ ਕਰ ਇਸ ਹਾਦਸੇ ਦੀ ਸੂਚਨਾ ਦਿੱਤੀ। ਤਸਵੀਰ ਵਾਇਰਲ ਹੁੰਦੇ ਹੀ ਲੋਕ ਇਸ 'ਤੇ ਕੁਮੈਂਟ ਕਰ ਆਪਣੇ ਰਿਸ਼ਤੇਦਾਰਾਂ ਦੀ ਸਲਾਮਤੀ ਲਈ ਪ੍ਰਾਰਥਨਾ ਕਰਨ ਲੱਗੇ। ਉੱਧਰ ਪਾਇਲਟ ਨੇ ਸਮਝਦਾਰੀ ਨਾਲ ਕੰਮ ਲੈਂਦਿਆਂ ਯਾਤਰੀਆਂ ਦੀ ਜਾਨ ਬਚਾ ਲਈ।