ਚੀਨ ਦੀ ਭਾਰਤੀ ਤਾਣੇ-ਬਾਣੇ ’ਚ ਵੱਡੇ ਪੱਧਰ ’ਤੇ ਘੁਸਪੈਠ, ਰਿਪੋਰਟ ’ਚ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

Wednesday, Sep 08, 2021 - 10:52 AM (IST)

ਨਵੀਂ ਦਿੱਲੀ (ਨੈਸ਼ਨਲ ਡੈਸਕ): ਚੀਨ ਨਾ ਸਿਰਫ ਭਾਰਤ, ਸਗੋਂ ਆਪਣੇ ਗੁਆਂਢੀ ਦੇਸ਼ਾਂ ਅਤੇ ਵੱਡੇ ਪੱਧਰ ’ਤੇ ਦੁਨੀਆ ਉੱਪਰ ਆਪਣਾ ਪ੍ਰਭਾਵ ਵਧਾਉਣ ਤੇ ਗਲਤ ਪ੍ਰਚਾਰ ਫੈਲਾਉਣ ਲਈ ਸੂਖਮ ਤੇ ਵਿਆਪਕ ਰਣਨੀਤੀ ਅਪਣਾ ਰਿਹਾ ਹੈ। ਭਾਰਤ ਵਿਚ ਨੌਜਵਾਨ ਵਰਗ ਨੂੰ ਪ੍ਰਭਾਵਿਤ ਕਰ ਕੇ ਆਪਣੇ ਪੱਖ ’ਚ ਕਰਨ ਲਈ ਸੋਸ਼ਲ ਮੀਡੀਆ ਤੋਂ ਲੈ ਕੇ ਬਾਲੀਵੁੱਡ, ਯੂਨੀਵਰਸਿਟੀਆਂ, ਸਮਾਜਿਕ ਸੰਸਥਾਵਾਂ ਅਤੇ ਇੱਥੋਂ ਤਕ ਕਿ ਥਿੰਕ ਟੈਂਕਸ ਵਿਚ ਵੀ ਉਹ ਘੁਸਪੈਠ ਕਰ ਚੁੱਕਾ ਹੈ। ਇਸ ਦੇ ਲਈ ਚੀਨ ਨੇ ਭਾਰੀ ਪੈਸਾ ਖਰਚ ਕੀਤਾ ਹੈ। ਇਸ ਸਭ ਨਾਲ ਭਾਰਤ ਦੀ ਕੌਮੀ ਸੁਰੱਖਿਆ ਤੇ ਪ੍ਰਭੂਸੱਤਾ ਲਈ ਵੀ ਗੰਭੀਰ ਖਤਰਾ ਪੈਦਾ ਹੋ ਗਿਆ ਹੈ।

ਵੋਟਰਾਂ ਦੀ ਰਾਏ ਨੂੰ ਪ੍ਰਭਾਵਿਤ ਕਰਨ ਦਾ ਏਜੰਡਾ
ਹੈਰਾਨ ਕਰ ਦੇਣ ਵਾਲਾ ਇਹ ਖੁਲਾਸਾ ਨਵੀਂ ਦਿੱਲੀ ਤੋਂ ਚਲਾਏ ਜਾ ਰਹੇ ਥਿੰਕ ਟੈਂਕ ‘ਲਾਅ ਐਂਡ ਸੁਸਾਇਟੀ ਅਲਾਇੰਸ’ ਦੀ ਇਕ ਰਿਪੋਰਟ ਵਿਚ ਕੀਤਾ ਗਿਆ ਹੈ। ‘ਮੈਪਿੰਗ ਚਾਈਨੀਜ਼ ਫੁਟਪ੍ਰਿੰਟ ਐਂਡ ਇਨਫਲੁਐਂਸ ਆਪ੍ਰੇਸ਼ਨ ਇਨ ਇੰਡੀਆ’ ਨਾਂ ਦੀ 76 ਸਫਿਆਂ ਦੀ ਇਸ ਰਿਪੋਰਟ ਵਿਚ ਇਹ ਵਿਸ਼ਲੇਸ਼ਣ ਦਿੱਤਾ ਗਿਆ ਹੈ ਕਿ ਭਾਰਤੀ ਸੰਸਥਾਵਾਂ ਵਿਚ ਚੀਨ ਕਿਸ ਹੱਦ ਤਕ ਘੁਸਪੈਠ ਕਰ ਚੁੱਕਾ ਹੈ।ਰਿਪੋਰਟ ਵਿਚ ਸਿੱਖਿਆ, ਰਾਜਨੀਤੀ ਤੇ ਮਨੋਰੰਜਨ ਜਗਤ ਤਕ ਉਨ੍ਹਾਂ ਸਾਰੇ ਖੇਤਰਾਂ ਦਾ ਵਿਸਤਾਰ ਨਾਲ ਅਧਿਐਨ ਕੀਤਾ ਗਿਆ ਹੈ, ਜਿਸ ਵਿਚ ਚੀਨੀ ਖੁਫੀਆ ਪ੍ਰਣਾਲੀ ਤੇ ਚੀਨੀ ਕਮਿਊਨਿਸਟ ਪਾਰਟੀ ਨੇ ਆਪਣਾ ਪ੍ਰਭਾਵ ਬਣਾ ਕੇ ਦਖਲਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹੀ ਨਹੀਂ, ਇਸ ਰਿਪੋਰਟ ਵਿਚ ਇਹ ਹੈਰਾਨ ਕਰ ਦੇਣ ਵਾਲਾ ਖੁਲਾਸਾ ਵੀ ਕੀਤਾ ਗਿਆ ਹੈ ਕਿ ਚੀਨ ਭਾਰਤ ਵਿਚ ਆਮ ਲੋਕਾਂ ਅਤੇ ਵੋਟਰਾਂ ਦੀ ਰਾਏ ਤਕ ਨੂੰ ਪ੍ਰਭਾਵਿਤ ਕਰ ਕੇ ਵਜੂਦ ਨੂੰ ਵਧਾਉਣ ਦੇ ਏਜੰਡੇ ’ਤੇ ਵੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ।

ਕੀ ਹੈ ਮਕਸਦ?
ਚੀਨ ਦੀ ਇਸ ਸਾਰੀ ਕਵਾਇਦ ਦਾ ਮਕਸਦ ਭਾਰਤੀ ਅਰਥਚਾਰੇ ਤੇ ਸਮਾਜ ਵਿਚ ਦਾਖਲ ਹੋਣਾ ਹੈ। ਇਸ ਤੋਂ ਬਾਅਦ ਉਹ ਭਾਰਤ ਦੇ ਸਮਾਜਿਕ ਤਾਣੇ-ਬਾਣੇ ਨੂੰ ਤੋੜਨਾ ਅਤੇ ਉਸ ਵਿਚ ਕਲੇਸ਼ ਪੈਦਾ ਕਰਨਾ ਚਾਹੁੰਦਾ ਹੈ। ਇਸ ਦੇ ਲਈ ਉਹ ਮਨੋਰੰਜਨ ਜਗਤ ਤੋਂ ਲੈ ਕੇ ਸਮਾਜਿਕ ਤੇ ਸਿਆਸੀ ਖੇਤਰਾਂ ਵਿਚ ਡੂੰਘੀ ਘੁਸਪੈਠ ਕਰ ਕੇ ਆਪਣੇ ਹਿੱਤ ’ਚ ਫਾਇਦਾ ਲੈਣ ਦੀਆਂ ਕੋਸ਼ਿਸ਼ਾਂ ਵਿਚ ਲੱਗਾ ਹੋਇਆ ਹੈ।

ਇਨ੍ਹਾਂ ਖੇਤਰਾਂ ’ਚ ਹੈ ਚੀਨ ਦੀ ਵੱਡੀ ਘੁਸਪੈਠ
ਇਸ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਚੀਨ ਆਪਣੇ ਮਕਸਦ ਲਈ ਹੁਣ ਤਕ ਮਨੋਰੰਜਨ, ਸਿੱਖਿਆ, ਸਮਾਜਿਕ ਸੰਸਥਾਵਾਂ, ਸੋਸ਼ਲ ਮੀਡੀਆ, ਆਈ. ਟੀ. ਸੈਕਟਰ ਅਤੇ ਇੱਥੋਂ ਤਕ ਕਿ ਮੀਡੀਆ ਤਕ ਵਿਚ ਘੁਸਪੈਠ ਕਰ ਚੁੱਕਾ ਹੈ। ਘੁਸਪੈਠ ਲਈ ਉਹ ਹਰ ਤਰ੍ਹਾਂ ਦਾ ਹੱਥਕੰਡਾ ਅਪਣਾ ਰਿਹਾ ਹੈ। ਇੱਥੋਂ ਤਕ ਕਿ ਨੌਜਵਾਨ ਵਰਗ ਨੂੰ ਆਪਣੇ ਵੱਲ ਕਰਨ ਲਈ ਭਾਰਤੀ ਵਿਦਿਆਰਥੀਆਂ ਨੂੰ ਵੱਖ-ਵੱਖ ਯੋਜਨਾਵਾਂ ਰਾਹੀਂ ਚੀਨ ਦੀ ਸੈਰ ਕਰਵਾ ਰਿਹਾ ਹੈ।

ਬਾਲੀਵੁੱਡ ਤੋਂ ਲੈ ਰਿਹੈ ਫਾਇਦਾ
ਰਿਪੋਰਟ ਅਨੁਸਾਰ ਪਿਛਲੇ ਕੁਝ ਸਾਲਾਂ ’ਚ ਚੀਨ ਫਿਲਮਾਂ ਦੇ ਸਹਿ-ਨਿਰਮਾਣ ਰਾਹੀਂ ਮਨੋਰੰਜਨ ਜਗਤ ਵਿਚ ਦਾਖਲ ਹੋਇਆ ਹੈ। ਸਭ ਤੋਂ ਪੁਖਤਾ ਸਬੂਤ 2019 ਵਿਚ ਬੀਜਿੰਗ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ‘ਚੀਨ-ਭਾਰਤ ਫਿਲਮ ਸਹਿ-ਨਿਰਮਾਣ ਸੰਵਾਦ’ ਦਾ ਆਯੋਜਨ ਸੀ। ਉਸ ਵੇਲੇ ਚੀਨ ਨੇ ਹੀ ਇਹ ਯਕੀਨੀ ਬਣਾਇਆ ਸੀ ਕਿ ਸ਼ਾਹਰੁਖ ਖਾਨ ਤੇ ਕਬੀਰ ਖਾਨ ਵਰਗੇ ਕਲਾਕਾਰਾਂ ਦੀ ਹਿੱਸੇਦਾਰੀ ਫੈਸਟੀਵਲ ਵਿਚ ਹੋਣੀ ਚਾਹੀਦੀ ਹੈ। ਇਹੀ ਨਹੀਂ, ਭਾਰਤੀ ਫਿਲਮ ਇੰਡਸਟਰੀ ਦੇ ਇਕ ਭਾਰਤੀ ਲੌਬਿਸਟ ਦੀ ਪ੍ਰਧਾਨਗੀ ’ਚ ਇਕ ਗਰੁੱਪ ਦੇ ਗਠਨ ਦੀ ਗੱਲ ਵੀ ਕਹੀ ਗਈ ਹੈ।

ਭਾਰਤ ’ਚ ਵਧੀਆਂ ਚੀਨੀ ਸੰਸਥਾਵਾਂ
ਪਿਛਲੇ ਕੁਝ ਸਮੇਂ ਤੋਂ ਦੇਸ਼ ਵਿਚ ਚੀਨੀ ਸੰਸਥਾਵਾਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਗਿਆ ਹੈ। ਕਈ ਵਿੱਦਿਅਕ ਸੰਸਥਾਵਾਂ ਵਿਚ ਚੀਨੀ ਅਧਿਐਨ ਕੇਂਦਰ ਸਥਾਪਤ ਕੀਤੇ ਗਏ ਹਨ, ਜਿਸ ਦਾ ਅਸਰ ਹੁਸ਼ਿਆਰ ਵਿਦਿਆਰਥੀਆਂ ਦੇ ਚੀਨ ਸਮਰਥਕ ਬਣਨ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ ਭਾਰਤੀ ਵਿਦਿਆਰਥੀਆਂ ਨੂੰ ਚੀਨੀ ਸਰਕਾਰ ਦੇ ਖਰਚੇ ’ਤੇ ਉੱਥੋਂ ਦੀ ਸੈਰ ਕਰਵਾਈ ਜਾ ਰਹੀ ਹੈ, ਜਿਸ ਨਾਲ ਵਿਦਿਆਰਥੀ ਆਸਾਨੀ ਨਾਲ ਬੀਜਿੰਗ ਸਮਰਥਕ ਬਣ ਜਾਂਦੇ ਹਨ। ਉਸ ਨੇ ਆਪਣਾ ਪ੍ਰਭਾਵ ਵਧਾਉਣ ਲਈ ਕਈ ਸੰਸਥਾਵਾਂ ਵਿਚ ‘ਕਨਫਿਊਸ਼ੀਅਰ ਇੰਸਟੀਚਿਊਟ’ ਵੀ ਖੋਲ੍ਹੇ ਹਨ।

ਸੋਸ਼ਲ ਮੀਡੀਆ ਤੇ ਆਈ. ਟੀ. ਸੈਕਟਰ
ਭਾਰਤੀ ਤਾਣੇ-ਬਾਣੇ ਵਿਚ ਘੁਸਪੈਠ ਕਰਨ ਲਈ ਚੀਨ ਨੇ ਸੋਸ਼ਲ ਮੀਡੀਆ ਤੇ ਆਈ. ਟੀ. ਖੇਤਰ ਵਿਚ ਖੂਬ ਨਿਵੇਸ਼ ਕੀਤਾ ਹੈ। ਸਾਲ 2015 ਤੋਂ ਚੀਨ ਤੇ ਉਸ ਦੀਆਂ ਕੰਪਨੀਆਂ ਨੇ ਭਾਰਤੀ ਤਕਨੀਕ ਦੇ ਖੇਤਰ ਵਿਚ ਲਗਭਗ 7 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਰਿਪੋਰਟ ਵਿਚ ਇਹ ਚਿੰਤਾ ਪ੍ਰਗਟ ਕੀਤੀ ਗਈ ਹੈ ਕਿ ਚੀਨ ਦੀ ਵੱਡੀ ਦੂਰਸੰਚਾਰ ਕੰਪਨੀ ਉਦਯੋਗਪਤੀਆਂ ਤੇ ਨੀਤੀ ਨਿਰਮਾਤਾਵਾਂ ’ਚ ਜ਼ਬਰਦਸਤ ਘੁਸਪੈਠ ਕਰ ਚੁੱਕੀ ਹੈ।

ਭਾਰਤੀ ਮੀਡੀਆ ’ਚ ਵੀ ਘੁਸਪੈਠ
ਭਾਰਤੀ ਲੋਕਾਂ ’ਤੇ ਪ੍ਰਭਾਵ ਪਾਉਣ ਲਈ ਚੀਨ ਨੇ ਭਾਰਤੀ ਮੀਡੀਆ ਹਸਤੀਆਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਰਿਪੋਰਟ ਅਨੁਸਾਰ ਅਸਲ ’ਚ ਇਹ ਉਸ ਦੀ ਪ੍ਰੋਪਗੰਡਾ ਰਣਨੀਤੀ ਦਾ ਕੇਂਦਰ ਬਿੰਦੂ ਹੈ। ਲਾਅ ਐਂਡ ਸੁਸਾਇਟੀ ਅਲਾਇੰਸ ਦੀ ਰਿਪੋਰਟ ਵਿਚ ਸਾਹਮਣੇ ਆਈਆਂ ਉਦਾਹਰਣਾਂ ਵਿਚੋਂ ਇਕ ਸਜੀਵ ਉਦਾਹਰਣ ਪੱਤਰਕਾਰ ਰਾਜੀਵ ਸ਼ਰਮਾ ਦਾ ਮਾਮਲਾ ਹੈ, ਜੋ ਚੀਨ ਲਈ ਜਾਸੂਸੀ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।


Vandana

Content Editor

Related News