ਸੋਨੇ ਦੇ ਭਾਅ ਵਿਕ ਰਹੀ ਮੈਲਬੌਰਨ ਦੀਆਂ ਕੁਝ ਆਬਾਦੀਆਂ ਦੀ ਜ਼ਮੀਨ

08/12/2017 2:43:06 PM

ਮੈਲਬੌਰਨ (ਜੁਗਿੰਦਰ ਸੰਧੂ)— ਆਸਟਰੇਲੀਆ ਵਿਚ ਜ਼ਮੀਨਾਂ ਦੀਆਂ ਕੀਮਤਾਂ ਪਿਛਲੇ ਇਕ ਦੋ ਸਾਲਾਂ ਵਿਚ ਬੜੀ ਤੇਜ਼ੀ ਨਾਲ ਵਧੀਆਂ ਹਨ ਪਰ ਮੈਲਬੌਰਨ ਦੀਆਂ ਕੁਝ ਆਬਾਦੀਆਂ ਵਿਚ ਜ਼ਮੀਨ ਦੇ ਭਾਅ ਤਾਂ ਆਸਮਾਨ ਨੂੰ ਛੂਹ ਰਹੇ ਹਨ। ਰੀਅਲ ਅਸਟੇਟ ਦੇ ਮਾਹਰਾਂ ਦਾ ਕਹਿਣਾ ਹੈ ਕਿ ਕੁਝ ਖੇਤਰਾਂ ਦੀ ਮਿੱਟੀ ਤਾਂ ਸੋਨੇ ਦੇ ਭਾਅ ਵਿਕ ਰਹੀ ਹੈ। ਕੀਮਤਾਂ ਵਿਚ ਸਭ ਤੋਂ ਵੱਡਾ ਉਛਾਲ ਸਮੁੰਦਰੀ ਕੰਢਿਆਂ ਨਾਲ ਲੱਗਦੀਆਂ ਆਬਾਦੀਆਂ ਵਿਚ ਆਇਆ ਹੈ। ਐਲਬਰਟ ਪਾਰਕ ਦਾ ਇਲਾਕਾ ਵਿਕਟੋਰੀਆ ਸੂਬੇ ਵਿਚ ਸਭ ਤੋਂ ਮਹਿੰਗਾ ਹੈ, ਜਿੱਥੇ ਇਕ ਵਰਗ ਮੀਟਰ ਜਗ੍ਹਾ ਦੀ ਕੀਮਤ ਲਗਭਗ 13 ਹਜ਼ਾਰ ਡਾਲਰ (ਸਾਢੇ 6 ਲੱਖ ਰੁਪਏ) ਦੱਸੀ ਜਾਂਦੀ ਹੈ। ਦੂਜੇ ਨੰਬਰ 'ਤੇ ਮਿਡਲ ਪਾਰਕ (12 ਹਜ਼ਾਰ ਡਾਲਰ) ਅਤੇ ਤੀਜੇ ਸਥਾਨ 'ਤੇ ਦੱਖਣੀ ਮੈਲਬੌਰਨ ਹੈ, ਜਿੱਥੇ ਪ੍ਰਤੀ ਵਰਗ ਮੀਟਰ ਇਹ ਕੀਮਤ 11 ਹਜ਼ਾਰ ਡਾਲਰ ਹੈ। ਸ਼ਹਿਰ ਦੀਆਂ ਜਿਹੜੀਆਂ 10 ਆਬਾਦੀਆਂ ਸਭ ਤੋਂ ਮਹਿੰਗੀਆਂ ਹਨ, ਉਨ੍ਹਾਂ ਵਿਚ ਅਮੀਰਾਂ ਦੀ ਕਾਲੋਨੀ ਸਮਝੀ ਜਾਂਦੀ ਤੂਰਕ ਦਾ ਨਾਂ ਸ਼ਾਮਲ ਨਹੀਂ ਹੈ, ਜਿੱਥੇ ਦਰਮਿਆਨੇ ਘਰ ਦੀ ਕੀਮਤ 48 ਲੱਖ ਡਾਲਰ ਦੇ ਕਰੀਬ ਹੈ। ਦੱਸਿਆ ਜਾਂਦਾ ਹੈ ਕਿ ਜਦੋਂ ਤੋਂ ਟਰਨਬੁੱਲ ਪ੍ਰਧਾਨ ਮੰਤਰੀ ਬਣੇ ਹਨ, ਉਦੋਂ ਤੋਂ ਜਾਇਦਾਦ ਦੀਆਂ ਕੀਮਤਾਂ ਵਿਚ ਬਹੁਤ ਵਾਧਾ ਹੋਇਆ ਹੈ। ਹੋਰ ਦੇਸ਼ਾਂ ਤੋਂ ਇਥੇ ਆਣ ਕੇ ਵੱਸੇ ਲੋਕਾਂ ਵਲੋਂ ਜਾਇਦਾਦ ਅਤੇ ਰਿਹਾਇਸ਼ਾਂ ਦੀ ਵੱਡੀ ਖਰੀਦ ਨਾਲ ਵੀ ਇਸ ਖੇਤਰ ਵਿਚ ਮਹਿੰਗਾਈ ਵਧੀ ਹੈ।


Related News