ਪਾਕਿਸਤਾਨ 'ਚ ਵੱਡਾ 'ਜਲ ਸੰਕਟ', ਗੰਦਾ ਪਾਣੀ ਪੀਣ ਕਾਰਨ ਸਾਹਮਣੇ ਆਏ ਹੈਪੇਟਾਈਟਿਸ ਦੇ ਹਜ਼ਾਰਾਂ ਮਰੀਜ਼

Tuesday, Jul 13, 2021 - 12:47 PM (IST)

ਪਾਕਿਸਤਾਨ 'ਚ ਵੱਡਾ 'ਜਲ ਸੰਕਟ', ਗੰਦਾ ਪਾਣੀ ਪੀਣ ਕਾਰਨ ਸਾਹਮਣੇ ਆਏ ਹੈਪੇਟਾਈਟਿਸ ਦੇ ਹਜ਼ਾਰਾਂ ਮਰੀਜ਼

ਬਲੋਚਿਸਤਾਨ- ਜਿਓ ਨਿਊਜ਼ ਦੀ ਐਤਵਾਰ ਦੀ ਰਿਪੋਰਟ ਅਨੁਸਾਰ ਬਲੋਚਿਸਤਾਨ 'ਚ ਪੀਣ ਦੇ ਸਾਫ਼ੀ ਪਾਣੀ ਦੀ ਘਾਟ ਦੇ ਨਾਲ-ਨਾਲ ਵਾਟਰ-ਫਿਲਟਰੇਸ਼ਨ ਪਲਾਂਟ 'ਚ ਭਾਰੀ ਕਮੀ ਕਾਰਨ ਹੈਪੇਟਾਈਟਿਸ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ। ਰਿਪੋਰਟ ਅਨੁਸਾਰ ਸਵੱਛ ਪਾਣੀ ਦੀ ਭਾਰੀ ਘਾਟ ਕਾਰਨ ਲੋਕ ਤਾਲਾਬਾਂ ਅਤੇ ਝੀਲਾਂ ਦੇ ਦੂਸ਼ਿਤ ਪਾਣੀ ਦਾ ਇਸਤੇਮਾਲ ਕਰਨ ਨੂੰ ਮਜ਼ਬੂਰ ਹਨ। ਹਸਪਤਾਲ ਦੇ ਅੰਕੜਿਆਂ ਅਨੁਸਾਰ ਇਸ ਸਾਲ ਦੇ ਪਹਿਲੇ 6 ਮਹੀਨਿਆਂ ਦੌਰਾਨ ਪੂਰੇ ਪ੍ਰਾਂਤ 'ਚ 10 ਹਜ਼ਾਰ ਰੋਗੀਆਂ 'ਚ ਹੈਪੇਟਾਈਟਿਸ ਸੀ ਅਤੇ ਬੀ ਦੀ ਪੁਸ਼ਟੀ ਕੀਤੀ ਗਈ ਸੀ। ਇਕੱਲੇ ਜਾਫਰਾਬਾਦ ਜ਼ਿਲ੍ਹੇ 'ਚ 3 ਹਜ਼ਾਰ ਮਰੀਜ਼ ਸਾਹਮਣੇ ਆਏ ਸਨ। 

ਬਲੋਚਿਸਤਾਨ ਦੇ ਮੁੱਖ ਮੰਤਰੀ ਜਾਮ ਕਮਲ ਦੇ ਜੱਦੀ ਸ਼ਹਿਰ ਲਾਸਬੇਲਾ 'ਚ ਹੈਪੇਟਾਈਟਿਸ ਦੇ ਰੋਗੀਆਂ ਦੀ ਦੂਜੀ ਸਭ ਤੋਂ ਵੱਡੀ ਗਿਣਤੀ ਦਰਜ ਕੀਤੀ ਗਈ। 13 ਹਜ਼ਾਰ ਲੋਕਾਂ ਦੀ ਜਾਂਚ ਦੌਰਾਨ ਇੱਥੇ ਇਕ ਹਜ਼ਾਰ ਲੋਕਾਂ 'ਚ ਹੈਪੇਟਾਈਟਿਸ ਦਾ ਪਤਾ ਲੱਗਾ। ਮੈਡੀਕਲ ਮਾਹਿਰਾਂ ਦਾ ਕਹਿਣਾ ਹੈ ਕਿ ਬਲੋਚਿਸਤਾਨ 'ਚ ਵਧਦੇ ਹੈਪੇਟਾਈਟਿਸ ਅਤੇ ਪੇਟ ਦੀਆਂ ਬੀਮਾਰੀਆਂ ਰੋਕਣ ਲਈ ਨਾਗਰਿਕਾਂ ਨੂੰ ਸਾਫ਼ ਪੀਣ ਦਾ ਪਾਣੀ ਉਪਲੱਬਧ ਕਰਵਾਉਣਾ ਜ਼ਰੂਰੀ ਹੈ। ਪੀਣ ਵਾਲੇ ਸਾਫ਼ ਪਾਣੀ ਦੀ ਕਮੀ ਬਲੋਚਿਸਤਾਨ 'ਚ ਸਿਰਫ਼ ਇਕ ਡਿਵੀਜ਼ਨ ਜਾਂ ਜ਼ਿਲ੍ਹੇ ਦੀ ਸਮੱਸਿਆ ਨਹੀਂ ਹੈ ਸਗੋਂ ਪ੍ਰਾਂਤ ਦੇ ਸਾਰੇ ਜ਼ਿਲ੍ਹੇ ਇਕ ਹੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। 

ਸਰਕਾਰੀ ਸੂਤਰਾਂ ਅਨੁਸਾਰ ਬਲੋਚਿਸਤਾਨ ਦੀ 12.3 ਮਿਲੀਅਨ ਆਬਾਦੀ 'ਚੋਂ 85 ਫੀਸਦੀ ਕੋਲ ਪੀਣ ਦਾ ਸਾਫ਼ ਪਾਣੀ ਨਹੀਂ ਹੈ। ਬੋਲਨ ਜ਼ਿਲ੍ਹੇ ਦੀ ਭਾਗ ਤਹਿਸੀਲ ਇਕ ਮੰਦਭਾਗਾ ਖੇਤਰ ਹੈ, ਜਿੱਥੇ ਪਾਕਿਸਤਾਨ ਦੀ ਸਥਾਪਨਾ ਦੇ ਬਾਅਦ ਤੋਂ ਹੁਣ ਤੱਕ 50 ਹਜ਼ਾਰ ਲੋਕਾਂ ਨੂੰ ਸਾਫ਼ ਪਾਣੀ ਨਹੀਂ ਮਿਲਿਆ ਹੈ। ਪਬਲਿਕ ਹੈਲਥ ਇੰਜੀਨੀਅਰਿੰਗ ਵਿਭਾਗ (ਪੀ.ਐੱਚ.ਈ.) ਨੇ ਭਾਗ ਤਹਿਸੀਲ ਲਈ ਤਿੰਨ ਪਾਣੀ ਦੀਆਂ ਸਪਲਾਈ ਯੋਜਨਾਵਾਂ ਸਥਾਪਤ ਕੀਤੀਆਂ ਸਨ ਪਰ ਉਹ ਸਾਰੀਆਂ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਗਈਆਂ। 

ਸੁਪਰੀਮ ਕੋਰਟ ਨੇ ਭਾਗ 'ਚ ਸਾਫ਼ ਪਾਣੀ ਦੀ ਸਪਲਾਈ ਨਾ ਹੋਣ 'ਤੇ ਨੋਟਿਸ ਲਿਆ ਅਤੇ ਇਸ ਮੁੱਦੇ ਨੂੰ ਅਸਥਾਈ ਰੂਪ ਨਾਲ ਹੱਲ ਕੀਤਾ ਗਿਆ। ਹਾਲਾਂਕਿ ਨਾਗਰਿਕਾਂ ਨੂੰ ਇਕ ਵਾਰ ਫਿਰ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਕਿਉਂਕਿ ਉੱਥੇ ਸਥਾਪਤ ਫਿਲਟਰ ਪਲਾਂਟ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਬਲੋਚਿਸਤਾਨ ਦੇ  ਲੋਕਾਂ ਨੂੰ ਸਵੱਛ ਪਾਣੀ ਉਪਲੱਬਧ ਕਰਵਾਉਣ ਲਈ ਸੰਘੀਏ ਸਰਕਾਰ ਨੇ 2005 'ਚ 100 ਪਾਣੀ ਫਿਲਟਰੇਸ਼ਨ ਪਲਾਂਟ ਸਥਾਪਤ ਕੀਤੇ ਸਨ। ਇਸ ਪ੍ਰਾਜੈਕਟ ਦੀ ਸਫ਼ਲਤਾ ਦੇਖਦੇ ਹੋਏ ਸੰਘੀਏ ਸਰਕਾਰ ਨੇ 2007 'ਚ 'ਸਾਰਿਆਂ ਲਈ ਸਵੱਛ ਪੀਣ ਵਾਲਾ ਪਾਣੀ' ਨਾਮੀ ਇਕ ਹੋਰ ਪ੍ਰਾਜੈਕਟ ਸ਼ੁਰੂ ਕੀਤਾ ਸੀ। ਯੋਜਨਾ ਦੇ ਅਧੀਨ ਸਰਕਾਰ ਨੇ 75 ਕਰੋੜ ਰੁਪਏ 'ਚ ਸੂਬੇ 'ਚ 409 ਫਿਲਟਰੇਸ਼ਨ ਪਲਾਂਟ ਲਗਾਉਣ ਦਾ ਫ਼ੈਸਲਾ ਲਿਆ ਗਿਆ ਸੀ। ਹਾਲਾਂਕਿ, ਇਹ ਪ੍ਰਾਜੈਕਟ ਵੀ ਭ੍ਰਿਸ਼ਟਾਚਾਰ ਅਤੇ ਲਾਪਰਵਾਹੀ ਦਾ ਸ਼ਿਕਾਰ ਹੋ ਗਿਆ।


author

DIsha

Content Editor

Related News