ਆਸਟ੍ਰੇਲੀਆ : ਜੰਗਲੀ ਅੱਗ ''ਚ ਦੁਰਲੱਭ ਕੋਆਲਾ ਦੇ ਮਾਰੇ ਜਾਣ ਦਾ ਖਦਸ਼ਾ

10/30/2019 2:26:04 PM

ਸਿਡਨੀ— ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਦੇ ਪੂਰਬੀ ਤਟ 'ਤੇ ਝਾੜੀਆਂ 'ਚ ਲੱਗੀ ਅੱਗ ਬੇਕਾਬੂ ਹੋਣ ਕਾਰਨ ਸੈਂਕੜੇ ਕੋਆਲਾ (ਛੋਟੇ ਜਾਨਵਰ) ਦੇ ਮਾਰੇ ਜਾਣ ਦਾ ਖਦਸ਼ਾ ਹੈ। ਸਿਡਨੀ ਦੇ ਉੱਤਰ 'ਚ 400 ਕਿਲੋ ਮੀਟਰ ਦੂਰ ਝਾੜੀਆਂ 'ਚ ਸ਼ਨੀਵਾਰ ਨੂੰ ਸ਼ਾਇਦ ਬਿਜਲੀ ਡਿੱਗਣ ਕਾਰਨ ਦੋ ਹਜ਼ਾਰ ਹੈਕਟੇਅਰ ਤੋਂ ਵਧੇਰੇ ਖੇਤਰ 'ਚ ਅੱਗ ਲੱਗ ਗਈ, ਜਿਸ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੰਗਲੀ ਜੀਵ ਰੱਖਿਅਕਾਂ ਨੂੰ ਇਸ ਅੱਗ 'ਚ ਦੁਰਲੱਭ ਪ੍ਰਜਾਤੀ ਦੇ ਸੈਂਕੜੇ ਕੋਆਲਾ ਦੇ ਸੜ ਕੇ ਮਰਨ ਦਾ ਡਰ ਸਤਾ ਰਿਹਾ ਹੈ।
 

PunjabKesari

ਪੋਰਟ ਮੈਕੁਵੇਰੀ ਕੋਆਲਾ ਹਸਪਤਾਲ ਦੀ ਪ੍ਰਧਾਨ ਸੂ ਐਸ਼ਟਨ ਨੇ ਇਸ ਨੂੰ ਇਕ ਰਾਸ਼ਟਰੀ ਤ੍ਰਾਸਦੀ ਦੱਸਿਆ। ਸੋਕੇ ਦੀ ਮਾਰ ਝੱਲ ਰਹੇ ਨਿਊ ਸਾਊਥ ਵੇਲਜ਼ ਸੂਬੇ 'ਚ 70 ਸਥਾਨਾਂ 'ਚ ਅੱਗ ਲੱਗੀ। ਐਸ਼ਟਨ ਨੇ ਕਿਹਾ ਕਿ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਜੰਗਲੀ ਜੀਵ ਸਵੈ-ਸੇਵਕ ਫਾਇਰ ਫਾਈਟਰ ਅਧਿਕਾਰੀਆਂ ਨਾਲ ਅੱਗ 'ਤੇ ਕਾਬੂ ਪਾਉਣ 'ਚ ਮਦਦ ਕਰਨਗੇ ਅਤੇ ਕੋਆਲਾ ਦੀ ਗਿਣਤੀ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨਗੇ। ਐਸ਼ਟਨ ਮੁਤਾਬਕ ਕੋਆਲਾ ਦਰਖੱਤ 'ਤੇ ਚੜ੍ਹ ਕੇ ਸਰੀਰ ਨੂੰ ਇਕੱਠਾ ਕਰ ਕੇ ਗੋਲ ਹੋ ਜਾਂਦੇ ਹਨ। ਅਜਿਹੇ 'ਚ ਅੱਗ ਲੱਗਣ ਕਾਰਨ ਉਨ੍ਹਾਂ ਦੀ ਫਰ ਹੀ ਸੜਦੀ ਹੈ ਤੇ ਬਾਕੀ ਸਰੀਰ ਬਚ ਜਾਂਦਾ ਹੈ ਪਰ ਜੇਕਰ ਅੱਗ ਵਧੇਰੇ ਭਿਆਨਕ ਲੱਗੀ ਹੋਵੇ ਤਾਂ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।


Related News