ਸਰੀ ’ਚ ਮੰਦਰ ਦੀਆਂ ਕੰਧਾਂ ’ਤੇ ਲਿਖੇ ਖਾਲਿਸਤਾਨੀ ਨਾਅਰੇ
Saturday, Apr 19, 2025 - 11:13 PM (IST)

ਟੋਰਾਂਟੋ- ਸਰੀ ’ਚ 140ਵੀਂ ਸਟ੍ਰੀਟ ’ਤੇ ਸਥਿਤ ਲਕਸ਼ਮੀ ਨਾਰਾਇਣ ਮੰਦਰ ਦੀਆਂ ਕੰਧਾਂ ’ਤੇ ਸ਼ਰਾਰਤੀ ਅਨਸਰਾਂ ਨੇ ਖਾਲਿਸਤਾਨੀ ਨਾਅਰੇ ਲਿਖ ਕੇ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚੀ ਹੈ। ਮੰਦਰ ਦੀਆਂ ਕੰਧਾਂ ਅਤੇ ਦਰਵਾਜ਼ਿਆਂ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਨਾਲ-ਨਾਲ ਭੰਨਤੋੜ ਵੀ ਕੀਤੀ ਗਈ। ਇਸ ਮੰਦਰ ਤੋਂ ਇਲਾਵਾ ਪਹਿਲਾਂ ਵੀ ਇੱਥੇ ਕਈ ਮੰਦਰਾਂ ’ਚ ਅਜਿਹੀਆਂ ਸ਼ਰਾਰਤਾਂ ਕੀਤੀਆਂ ਜਾ ਚੁੱਕੀਆਂ ਹਨ।
ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਅਨੁਸਾਰ ਹਿੰਦੂ ਅਤੇ ਸਿੱਖ ਦੋਵਾਂ ਭਾਈਚਾਰਿਆਂ ਨੇ ਵਾਰ-ਵਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ’ਤੇ ਨਿਰਾਸ਼ਾ ਅਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ। ਸਰੀ ’ਚ ਹਰ ਸਾਲ ਅਪ੍ਰੈਲ ’ਚ ਸਭ ਤੋਂ ਵੱਡਾ ਨਗਰ ਕੀਰਤਨ ਸਜਾਇਆ ਜਾਂਦਾ ਹੈ, ਜਿਸ ਦਾ ਪ੍ਰਬੰਧ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵੱਲੋਂ ਕੀਤਾ ਜਾਂਦਾ ਹੈ। ਸਮਾਗਮ ਤੋਂ ਇਕ ਰਾਤ ਪਹਿਲਾਂ ਇਹ ਘਟਨਾ ਵਾਪਰੀ।