ਕੈਨੇਡਾ 'ਚ ਦੀਵਾਲੀ 'ਤੇ ਖਾਲਿਸਤਾਨੀਆਂ ਦਾ ਹੰਗਾਮਾ, ਪਟਾਕੇ ਚਲਾਉਣ 'ਤੇ ਭਾਰਤੀਆਂ ਨਾਲ ਹੋਈ ਝੜਪ

11/14/2023 12:26:33 PM

ਮਿਸੀਸਾਗਾ (ਰਾਜ ਗੋਗਨਾ)- ਕੈਨੇਡਾ ਦੇ ਮਿਸੀਸਾਗਾ 'ਚ ਦੀਵਾਲੀ ਦੀ ਰਾਤ ਭਾਰਤੀ ਨਾਗਰਿਕਾਂ ਤੇ ਖਾਲਿਸਤਾਨ ਸਮਰਥਕਾਂ ਵਿਚਾਲੇ ਝੜਪ ਹੋਈ। ਮਿਸੀਸਾਗਾ ਵਿੱਚ ਇੱਕ ਪਾਰਕਿੰਗ ਵਿੱਚ ਭਾਰਤੀ ਵਿਦਿਆਰਥੀਆਂ ਵੱਲੋਂ ਪਟਾਕੇ ਚਲਾਉਣ ਦਾ ਵਿਰੋਧ ਕਰਨ ਲਈ ਖਾਲਿਸਤਾਨ ਸਮਰਥਕ ਪਹੁੰਚੇ। ਇਸ ਦੌਰਾਨ 100 ਤੋਂ ਵੱਧ ਲੋਕਾਂ ਵਿਚਾਲੇ ਹੱਥੋਪਾਈ ਹੋ ਗਈ। ਇਸ ਘਟਨਾ 'ਚ ਕੁਝ ਨੌਜਵਾਨ ਜ਼ਖਮੀ ਵੀ ਹੋਏ ਹਨ। 

ਦੀਵਾਲੀ ਮਨਾ ਰਹੇ ਭਾਰਤੀਆਂ ਨੇ ਤਿਰੰਗਾ ਲਹਿਰਾਇਆ ਜਦਕਿ ਦੂਜੇ ਪਾਸੇ ਖਾਲਿਸਤਾਨੀ ਬੈਨਰ ਲਹਿਰਾਏ ਗਏ। ਝਗੜਾ ਵਧਦਾ ਦੇਖ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ, ਜਿਸ ਨੂੰ ਦੇਖ ਕੇ ਅੰਦੋਲਨਕਾਰੀ ਖਾਲਿਸਤਾਨੀ ਉਥੋਂ ਭੱਜ ਗਏ। ਕੈਨੇਡਾ ਦੀ ਪੀਲ ਰੀਜਨਲ ਪੁਲਸ ਨੂੰ ਐਤਵਾਰ ਰਾਤ ਕਰੀਬ 9:41 ਵਜੇ ਘਟਨਾ ਦੀ ਸੂਚਨਾ ਮਿਲੀ। ਪੁਲਿਸ ਅਨੁਸਾਰ ਮਿਸੀਸਾਗਾ ਵਿੱਚ ਇੱਕ ਸਥਾਨਕ ਪਾਰਕਿੰਗ ਵਿੱਚ ਦੋ ਧਿਰਾਂ ਵਿੱਚ ਟਕਰਾਅ ਹੋ ਗਿਆ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਕੁਝ ਜ਼ਖ਼ਮੀ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ। ਦੰਗਾਕਾਰੀਆਂ ਦੀ ਪਛਾਣ ਕਰਨ ਲਈ ਪੁਲਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ।

ਕੈਨੇਡਾ ਦੇ ਮਿਸੀਸਾਗਾ 'ਚ ਦੀਵਾਲੀ ਦੀ ਰਾਤ ਨੂੰ ਖਾਲਿਸਤਾਨੀ ਪਟਾਕੇ ਚੁੱਕ ਕੇ ਭਾਰਤੀਆਂ 'ਤੇ ਸੁੱਟ ਰਹੇ ਸਨ। ਇਸ ਘਟਨਾ ਨਾਲ ਜੁੜਿਆ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਪੀਲ ਰੀਜਨਲ ਪੁਲਸ ਮੁਲਾਜ਼ਮ ਦੀਵਾਲੀ ਦੇ ਜਸ਼ਨਾਂ ਦੌਰਾਨ ਆਹਮੋ-ਸਾਹਮਣੇ ਆਏ ਦੋਵਾਂ ਧਿਰਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਪਟਾਕਿਆਂ ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ। ਮਿਸੀਸਾਗਾ ਦੀ ਸਥਾਨਕ ਪਾਰਕਿੰਗ ਵਾਲੀ ਥਾਂ 'ਤੇ ਜਿੱਥੇ ਇਹ ਝਗੜਾ ਹੋਇਆ, ਉੱਥੇ ਹੀ ਕੂੜੇ ਦੇ ਢੇਰ ਲੱਗੇ ਹੋਏ ਹਨ। ਇਹ ਕੂੜਾ ਦੀਵਾਲੀ ਮਨਾ ਰਹੇ ਭਾਰਤੀਆਂ ਵੱਲੋਂ ਚਲਾਏ ਗਏ ਪਟਾਕਿਆਂ ਦਾ ਸੀ। ਕੁਝ ਖਾਲਿਸਤਾਨ ਸਮਰਥਕ ਇਸ ਕੂੜੇ ਨੂੰ ਚੁੱਕ ਕੇ ਭਾਰਤੀਆਂ ਵੱਲ ਸੁੱਟ ਰਹੇ ਸਨ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਨੂੰ ਛੱਡ ਅਮਰੀਕਾ ਬਣਿਆ ਪਹਿਲੀ ਪਸੰਦ, ਰਿਕਾਰਡ ਗਿਣਤੀ 'ਚ ਪੁੱਜੇ ਭਾਰਤੀ ਵਿਦਿਆਰਥੀ

ਦਰਅਸਲ ਇੱਥੇ ਭਾਰਤੀ ਨਾਗਰਿਕ ਅਤੇ ਵਿਦਿਆਰਥੀ ਦੀਵਾਲੀ ਮਨਾ ਰਹੇ ਸਨ, ਜਿਸ ਦੇ ਵਿਰੋਧ 'ਚ ਕੁਝ ਖਾਲਿਸਤਾਨ ਸਮਰਥਕ ਵਿਰੋਧ 'ਚ ਆ ਗਏ। ਪੀਲ ਰੀਜਨਲ ਪੁਲਸ ਦੀਵਾਲੀ ਦੀ ਰਾਤ ਕੈਨੇਡਾ ਦੇ ਮਿਸੀਸਾਗਾ ਵਿੱਚ ਭਾਰਤੀਆਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਖਾਲਿਸਤਾਨ ਸਮਰਥਕਾਂ ਨੂੰ ਖਦੇੜਨ ਲਈ ਪਹੁੰਚੀ। ਭਾਰਤ ਤੋਂ ਬਾਅਦ ਕੈਨੇਡਾ ਵਿੱਚ ਦੀਵਾਲੀ 'ਤੇ ਸਭ ਤੋਂ ਵੱਧ ਪਟਾਕਿਆਂ ਦਾ ਪ੍ਰਦਰਸ਼ਨ ਹੁੰਦਾ ਹੈ, ਜਿਸ ਵਿੱਚ ਭਾਰਤੀ ਨਾਗਰਿਕਾਂ ਦੀ ਕਾਫੀ ਗਿਣਤੀ ਹੁੰਦੀ ਹੈ। ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਤੋਂ ਵੀ ਵੱਡੀ ਗਿਣਤੀ ਲੋਕ ਇੱਥੇ ਰਹਿੰਦੇ ਹਨ ਜੋ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਇਸੇ ਜਸ਼ਨ ਦੌਰਾਨ ਕੁਝ ਖਾਲਿਸਤਾਨ ਪੱਖੀ ਲੋਕ ਮਿਸੀਸਾਗਾ ਸ਼ਹਿਰ ਵਿੱਚ ਆ ਕੇ ਹੰਗਾਮਾ ਕਰ ਦਿੱਤਾ। ਪਿਛਲੇ ਸਾਲ ਵੀ ਇਸੇ ਥਾਂ 'ਤੇ ਦੀਵਾਲੀ ਦੇ ਜਸ਼ਨਾਂ ਦੌਰਾਨ ਖਾਲਿਸਤਾਨੀਆਂ ਨੇ ਇੱਥੇ ਦੰਗੇ ਕੀਤੇ ਸਨ, ਜਿਸ ਤੋਂ ਬਾਅਦ ਸਥਾਨਕ ਪੁਲਸ ਨੇ ਦਰਜਨਾਂ ਦੰਗਾਕਾਰੀਆਂ ਨੂੰ ਹਿਰਾਸਤ 'ਚ ਲਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


Vandana

Content Editor

Related News