ਕੈਨੇਡਾ ਤੋਂ ਬਾਅਦ ਹੁਣ UK ’ਚ ਭਾਰਤ ਖ਼ਿਲਾਫ਼ ਸਰਗਰਮ ਹੋਏ ਖ਼ਾਲਿਸਤਾਨੀ
Monday, Sep 25, 2023 - 10:38 PM (IST)
ਇੰਟਰਨੈਸ਼ਨਲ ਡੈਸਕ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਆਪਣੀ ਸੰਸਦ ਵਿਚ ਖੜ੍ਹੇ ਹੋ ਕੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ’ਚ ਭਾਰਤ ਦੀਆਂ ਖੁਫੀਆ ਏਜੰਸੀਆਂ ’ਤੇ ਲਾਏ ਗਏ ਬੇਤੁਕੇ ਦੋਸ਼ਾਂ ਤੋਂ ਬਾਅਦ ਹੁਣ ਯੂ. ਕੇ. ’ਚ ਵੀ ਖਾਲਿਸਤਾਨੀ ਜ਼ਿਆਦਾ ਸਰਗਰਮ ਹੋ ਗਏ ਹਨ। ਪਿਛਲੇ ਹਫਤੇ ਸਿੱਖ ਫੈਡਰੇਸ਼ਨ ਯੂ. ਕੇ. ਵਲੋਂ ਇਸ ਮਾਮਲੇ ’ਚ ਭਾਰਤ ਖ਼ਿਲਾਫ਼ ਜ਼ਹਿਰ ਉਗਲੇ ਜਾਣ ਤੋਂ ਬਾਅਦ ਹੁਣ ਗੁਰੂ ਨਾਨਕ ਗੁਰਦੁਆਰਾ ਸਮੈਥਵਿਕ ਨੇ ਪ੍ਰੈੱਸ ਰਿਲੀਜ਼ ਜਾਰੀ ਕਰ ਕੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦਾ ਸਮਰਥਨ ਕੀਤਾ ਹੈ ਅਤੇ ਕੈਨੇਡਾ ਸਰਕਾਰ ਕੋਲ ਇਸ ਮਾਮਲੇ ’ਚ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਭਾਰਤ ਦੇ ਕਾਨੂੰਨ ਮੁਤਾਬਕ ਲੋੜੀਂਦੇ ਅਪਰਾਧੀ ਤੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਨੂੰ ਸ਼ਹੀਦ ਦੱਸਦੇ ਹੋਏ ਲਿਖਿਆ ਗਿਆ ਹੈ ਕਿ ਨਿੱਝਰ ਮਨੁੱਖੀ ਅਧਿਕਾਰ ਵਰਕਰ ਸਨ ਅਤੇ ਉਨ੍ਹਾਂ ਵਰਗਾ ਹੀ ਹਸ਼ਰ ਅਵਤਾਰ ਸਿੰਘ ਖੰਡਾ ਦਾ ਵੀ ਕੀਤਾ ਗਿਆ ਸੀ। 15 ਜੂਨ ਨੂੰ ਖੰਡਾ ਦੀ ਬਰਮਿੰਘਮ ਦੇ ਹਸਪਤਾਲ ’ਚ ਮੌਤ ਹੋ ਗਈ ਸੀ।
ਗੁਰਦੁਆਰਾ ਕਮੇਟੀ ਨੇ ਖੰਡਾ ਨੂੰ ਵੀ ਸ਼ਹੀਦ ਦੱਸਦਿਆਂ ਲਿਖਿਆ ਹੈ ਕਿ ਕੈਨੇਡਾ ਦੀ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ (ਐੱਨ. ਡੀ. ਪੀ.) ਦੇ ਨੇਤਾ ਜਗਮੀਤ ਸਿੰਘ ਨੇ ਇਸ ਬਾਰੇ ਚਿੰਤਾ ਪ੍ਰਗਟ ਕੀਤੀ ਸੀ। ਗੁਰਦੁਆਰਾ ਕਮੇਟੀ ਵੱਲੋਂ ਲਿਖਿਆ ਗਿਆ ਹੈ ਕਿ ਯੂ. ਕੇ. ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਇਸ ਮਾਮਲੇ ’ਚ ਹੁਣ ਕੈਨੇਡਾ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਕੈਨੇਡਾ ਦੀ ਸਰਕਾਰ ਨਾਲ ਮਿਲ ਕੇ ਸਾਂਝੇ ਤੌਰ ’ਤੇ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਭਾਰਤ ਦੀ ਜੇਲ ਵਿਚ ਬੰਦ ਜਗਤਾਰ ਸਿੰਘ ਜੌਹਲ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਹੈ। ਪ੍ਰੈੱਸ ਰਿਲੀਜ਼ ਵਿਚ ਲਿਖਿਆ ਗਿਆ ਹੈ ਕਿ ਭਾਰਤ ਸਰਕਾਰ ਇਕ ਰਣਨੀਤੀ ਤਹਿਤ ਯੂ. ਕੇ. ਤੇ ਕੈਨੇਡਾ ਸਮੇਤ ਪੂਰੀ ਦੁਨੀਆ ਦੇ ਦੇਸ਼ਾਂ ਵਿਚ ਸਿੱਖਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਨੂੰ ਦਬਾਉਣ ਦਾ ਕੰਮ ਕਰ ਰਹੀ ਹੈ।
ਸਿੱਖ ਫੈਡਰੇਸ਼ਨ ਦੀ ਬੈਠਕ ’ਚ ਕੀਤੀ ਗਈ ਭਾਰਤ ਵਿਰੋਧੀ ਬਿਆਨਬਾਜ਼ੀ
ਇਸ ਤੋਂ ਪਹਿਲਾਂ 18 ਸਤੰਬਰ ਨੂੰ ਸਿੱਖ ਫੈਡਰੇਸ਼ਨ ਯੂ. ਕੇ. ਦੇ ਗਠਨ ਦੀ 20ਵੀਂ ਵਰ੍ਹੇਗੰਢ ਦੇ ਸਿਲਸਿਲੇ ’ਚ ਬਰਮਿੰਘਮ ਦੇ ਗੁਰਦੁਆਰਾ ਸਾਹਿਬ ਸਮੈਥਵਿਕ ’ਚ ਆਯੋਜਿਤ ਇਕ ਕਾਨਫਰੰਸ ਦੌਰਾਨ ਯੂ. ਕੇ. ’ਚ ਵੀ ਸਿੱਖ ਭਾਈਚਾਰੇ ਨੂੰ ਕੈਨੇਡਾ ਵਾਂਗ ਵੱਡੀ ਸਿਆਸੀ ਤਾਕਤ ਦੇ ਤੌਰ ’ਤੇ ਉਭਾਰਨ ’ਤੇ ਵਿਚਾਰ-ਚਰਚਾ ਹੋਈ। ਫੈਡਰੇਸ਼ਨ ਦੀ ਕਾਨਫਰੰਸ ਦੌਰਾਨ ਬੁਲਾਰਿਆਂ ਨੇ ਭਾਰਤ ਵਿਰੋਧੀ ਟਿੱਪਣੀਆਂ ਕਰਦਿਆਂ ਕਿਹਾ ਕਿ 2047 ਤੋਂ ਪਹਿਲਾਂ ਭਾਰਤ ਦੇ ਕਈ ਟੁਕੜੇ ਹੋ ਜਾਣਗੇ। ਮੁਠੜਾ ਨੇ ਦੋਸ਼ ਲਾਇਆ ਕਿ ਭਾਰਤੀ ਖੁਫੀਆ ਏਜੰਸੀ ਐੱਨ. ਆਈ. ਏ. ਭਾਰਤ ਵਿਚ ਸਿੱਖ ਪਰਿਵਾਰਾਂ ਨੂੰ ਡਰਾਉਣ ਦਾ ਕੰਮ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਉਹ ਡਰਨਗੇ ਨਹੀਂ ਅਤੇ ਉਨ੍ਹਾਂ ਦੇ ਖੂਨ ਦਾ ਇਕ-ਇਕ ਕਤਰਾ ਖਾਲਿਸਤਾਨ ਦੀ ਵਿਚਾਰਧਾਰਾ ਪ੍ਰਤੀ ਸਮਰਪਿਤ ਹੈ।
ਇਹ ਖ਼ਬਰ ਵੀ ਪੜ੍ਹੋ - ਹਰਦੀਪ ਸਿੰਘ ਨਿੱਝਰ ਨੂੰ ਲੈ ਕੇ ਵੱਡਾ ਖ਼ੁਲਾਸਾ, ਕੈਨੇਡਾ ਨੇ ਕੌਮਾਂਤਰੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਦਿੱਤੀ ਸੀ ਨਾਗਰਿਕਤਾ
19 ਮਾਰਚ ਨੂੰ ਖ਼ਾਲਿਸਤਾਨੀਆਂ ਨੇ ਕੀਤਾ ਸੀ ਭਾਰਤੀ ਝੰਡੇ ਦਾ ਅਪਮਾਨ
ਕੈਨੇਡਾ ਤੋਂ ਬਾਅਦ ਯੂ. ਕੇ. ਦੂਜਾ ਦੇਸ਼ ਹੈ, ਜਿੱਥੇ ਖਾਲਿਸਤਾਨੀ ਵੱਡੇ ਪੈਮਾਨੇ ’ਤੇ ਸਰਗਰਮ ਹਨ। ਇਨ੍ਹਾਂ ਖਾਲਿਸਤਾਨੀਆਂ ਨੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਵਿਰੋਧ ਵਿਚ 8 ਜੁਲਾਈ ਨੂੰ ਲੰਡਨ ’ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ ਅਤੇ ਭਾਰਤ ਖਿਲਾਫ ਨਾਅਰੇਬਾਜ਼ੀ ਕੀਤੀ ਸੀ। ਇਸ ਤੋਂ ਪਹਿਲਾਂ 19 ਮਾਰਚ ਨੂੰ ਲੰਡਨ ’ਚ ਹੀ ਭਾਰਤੀ ਹਾਈ ਕਮਿਸ਼ਨ ਦੇ ਦਫਤਰ ਦੇ ਸਾਹਮਣੇ ਕੀਤੇ ਗਏ ਪ੍ਰਦਰਸ਼ਨ ਦੌਰਾਨ ਖਾਲਿਸਤਾਨੀਆਂ ਨੇ ਹਾਈ ਕਮਿਸ਼ਨ ਦੇ ਬਾਹਰ ਲੱਗਾ ਭਾਰਤੀ ਝੰਡਾ ਉਤਾਰ ਦਿੱਤਾ ਸੀ। ਇਸ ਮਾਮਲੇ ਵਿਚ ਭਾਰਤ ਨੇ ਯੂ. ਕੇ. ਦੇ ਸੀਨੀਅਰ ਡਿਪਲੋਮੈਟ ਨੂੰ ਤਲਬ ਕਰ ਕੇ ਵਿਰੋਧ ਵੀ ਦਰਜ ਕਰਵਾਇਆ ਸੀ।
ਐੱਨ. ਆਈ. ਏ. ਨੇ 31 ਥਾਵਾਂ ’ਤੇ ਕੀਤੀ ਸੀ ਛਾਪੇਮਾਰੀ
ਯੂ. ਕੇ. ਹਾਈ ਕਮਿਸ਼ਨ ਦੇ ਬਾਹਰ 19 ਮਾਰਚ ਨੂੰ ਕੀਤੇ ਗਏ ਪ੍ਰਦਰਸ਼ਨ ਦੇ ਮਾਮਲੇ ਵਿਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਜਾਂਚ ਸ਼ੁਰੂ ਕਰਦੇ ਹੋਏ 1 ਅਗਸਤ ਨੂੰ ਪੰਜਾਬ ਅਤੇ ਹਰਿਆਣਾ ਵਿਚ 31 ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਏਜੰਸੀ ਨੇ ਕਈ ਤਰ੍ਹਾਂ ਦਾ ਡਿਜੀਟਲ ਡਾਟਾ ਜ਼ਬਤ ਕਰ ਲਿਆ ਸੀ। ਦਰਅਸਲ ਏਜੰਸੀ ਨੂੰ ਇਹ ਇਨਪੁੱਟ ਮਿਲਿਆ ਸੀ ਕਿ ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਤੇ ਹੋਏ ਪ੍ਰਦਰਸ਼ਨ ਦੇ ਤਾਰ ਮੋਗਾ, ਬਰਨਾਲਾ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਤਰਨਤਾਰਨ, ਲੁਧਿਆਣਾ, ਗੁਰਦਾਸਪੁਰ, ਐੱਸ. ਬੀ. ਐੱਸ. ਨਗਰ, ਅੰਮ੍ਰਿਤਸਰ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ, ਪਟਿਆਲਾ, ਮੋਹਾਲੀ ਅਤੇ ਸਿਰਸਾ ਨਾਲ ਜੁੜੇ ਹੋਏ ਸਨ। ਇਹ ਹਮਲਾ ਦਲ ਖਾਲਸਾ ਦੇ ਗੁਰਚਰਣ ਸਿੰਘ ਵਲੋਂ ਕੀਤਾ ਗਿਆ ਸੀ। ਇਸ ਹਮਲੇ ਵਿਚ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਅਵਤਾਰ ਸਿੰਘ ਖੰਡਾ ਅਤੇ ਜਸਬੀਰ ਸਿੰਘ ਵੀ ਦੋਸ਼ੀ ਸਨ।
ਖ਼ਾਲਿਸਤਾਨੀਆਂ ’ਤੇ ਕਾਰਵਾਈ ਨਹੀਂ, ਸ਼ੋਭਾ ਯਾਤਰਾ ’ਚ ਹਿੰਦੂ ਸ਼ਰਧਾਲੂ ਨੂੰ ਕੀਤਾ ਗ੍ਰਿਫਤਾਰ
ਯੂ. ਕੇ. ਦੀ ਪੁਲਸ ਨੇ ਭਾਰਤੀ ਹਾਈ ਕਮਿਸ਼ਨ ’ਤੇ ਝੰਡਾ ਉਤਾਰਨ ਵਾਲੇ ਖਾਲਿਸਤਾਨੀਆਂ ਖਿਲਾਫ ਤਾਂ ਕਾਰਵਾਈ ਨਹੀਂ ਕੀਤੀ ਸਗੋਂ 18 ਸਤੰਬਰ ਨੂੰ ਲਸਿਸਟਰ ਸ਼ਾਇਰ ਵਿਚ ਗਣਪਤੀ ਉਤਸਵ ਦੇ ਸਬੰਧ ਵਿਚ ਸ਼ੋਭਾ ਯਾਤਰਾ ਕੱਢ ਰਹੇ ਹਿੰਦੂ ਭਾਈਚਾਰੇ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਦਰਅਸਲ ਗਣੇਸ਼ ਚਤੁਰਥੀ ਦੀ ਸ਼ੋਭਾ ਯਾਤਰਾ ਦੌਰਾਨ ਐਮਰਜੈਂਸੀ ਸਰਵਿਸ ਦੇ ਇਕ ਵਰਕਰ ਨੇ ਗਣੇਸ਼ ਜੀ ਦੀ ਮੂਰਤੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਵਿਰੋਧ ਕਰਨ ’ਤੇ ਇਕ 55 ਸਾਲਾਂ ਕਾਰੋਬਾਰੀ ਧਰਮੇਸ਼ ਲਖਾਨੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਸੀ ਅਤੇ ਉਸ ਨੂੰ ਪੰਜ ਘੰਟਿਆਂ ਬਾਅਦ ਛੱਡਿਆ ਗਿਆ। ਪੁਲਸ ਨੇ ਇਸ ਗ੍ਰਿਫਤਾਰੀ ਦੇ ਮਾਮਲੇ ਵਿਚ ਇਕ ਪ੍ਰੈੱਸ ਰਿਲੀਜ਼ ਜਾਰੀ ਕਰ ਕੇ ਲਖਾਨੀ ’ਤੇ ਦੋਸ਼ ਲਾਇਆ ਹੈ ਉਨ੍ਹਾਂ ਨੇ ਇਕ ਐਮਰਜੈਂਸੀ ਵਰਕਰ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਮਾਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8