ਕਾਵਾਸਾਕੀ ਨਾਂ ਦੀ ਬੀਮਾਰੀ ਕਾਰਨ UK ''ਚ ਹੁਣ ਤੱਕ 100 ਬੱਚੇ ਬੀਮਾਰ
Friday, May 15, 2020 - 07:15 AM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ) ਯੂ. ਕੇ. ਵਿੱਚ 100 ਦੇ ਲਗਭਗ ਬੱਚੇ ਕਾਵਾਸਾਕੀ ਨਾਂ ਦੀ ਬੀਮਾਰੀ ਤੋਂ ਪ੍ਰਭਾਵਿਤ ਹੋਏ ਹਨ। ਮਾਹਰਾਂ ਦਾ ਕਹਿਣਾ ਹੈ ਕਿ ਇਸ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜੋੜਿਆ ਜਾ ਸਕਦਾ ਹੈ ਅਤੇ ਇਹ ਮੁੱਖ ਤੌਰ 'ਤੇ 5 ਸਾਲ ਤੱਕ ਦੇ ਬੱਚਿਆਂ ਨੂੰ ਪ੍ਭਾਵਿਤ ਕਰਦੀ ਹੈ।
ਰਾਇਲ ਕਾਲਜ ਆਫ਼ ਪੈਡੀਐਟ੍ਰਿਕਸ ਐਂਡ ਚਾਈਲਡ ਹੈਲਥ ਦੇ ਪ੍ਰਧਾਨ ਪ੍ਰੋਫੈਸਰ ਰਸੇਲ ਵਿਨਰ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਭਰ ਵਿੱਚ ਇਸ ਬੀਮਾਰੀ ਦੇ 75 ਤੋਂ 100 ਮਾਮਲੇ ਸਾਹਮਣੇ ਆਏ ਹਨ। ਇਕ 14 ਸਾਲਾ ਲੜਕਾ ਇਸ ਸਿੰਡਰੋਮ ਨਾਲ ਮਰਨ ਵਾਲਾ ਪਹਿਲਾ ਬ੍ਰਿਟਿਸ਼ ਬੱਚਾ ਮੰਨਿਆ ਜਾਂਦਾ ਹੈ। ਪ੍ਰੋਫੈਸਰ ਵਿਨਰ ਨੇ ਕਿਹਾ ਕਿ ਇਹ ਬੀਮਾਰੀ ਸਰੀਰ ਦੀ ਪ੍ਰਤੀਰੋਧੀ ਪ੍ਰਣਾਲੀ ਹੈ ਜੋ ਕੋਰੋਨਾ ਵਾਇਰਸ ਨੂੰ ਪਛਾੜ ਰਹੀ ਹੈ।
ਉਸ ਨੇ ਪੁਸ਼ਟੀ ਕੀਤੀ ਕਿ ਇਹ ਇਕ 'ਨਵਾਂ' ਸਿੰਡਰੋਮ ਹੈ, ਪਰ ਮਾਪਿਆਂ ਨੂੰ ਸੁਚੇਤ ਹੋਣਾ ਚਾਹੀਦਾ ਹੈ। ਪ੍ਰੋਫੈਸਰ ਵਿਨਰ ਨੇ ਇਸ ਬਿਮਾਰੀ ਦੇ ਮੁੱਖ ਲੱਛਣ ਉੱਚ ਤਾਪਮਾਨ, ਨਿਰੰਤਰ ਬੁਖਾਰ ਅਤੇ ਧੱਫੜ ਦੱਸਿਆ ਹੈ ਜਦਕਿ ਕੁਝ ਬੱਚਿਆਂ ਨੂੰ ਪੇਟ ਵਿਚ ਦਰਦ ਅਤੇ ਗੈਸਟਰੋਇੰਟੇਸਟਾਈਨਲ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਬੁੱਧਵਾਰ ਤੱਕ ਐਵਲਿਨਾ ਲੰਡਨ ਚਿਲਡਰਨਜ਼ ਹਸਪਤਾਲ ਵਿਚ ਬੀਮਾਰੀ ਨਾਲ ਪੀੜਤ ਬੱਚਿਆਂ ਦੇ ਤਕਰੀਬਨ 50 ਮਾਮਲੇ ਸਾਹਮਣੇ ਆਏ ਹਨ।