ਕੈਥਲੀਨ ਵਿਨ ਨੂੰ ਔਟਵਾ ਵਿਖੇ ਕਰਨਾ ਪਿਆ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ

01/20/2018 12:41:37 AM

ਔਟਵਾ—ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿਨ ਨੂੰ ਔਟਵਾ ਵਿਖੇ ਟਾਊਨ ਹਾਲ ਦੌਰਾਨ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨ ਪਿਆ। ਇਸ ਤੋਂ ਪਹਿਲਾਂ ਟੋਰਾਂਟੋ ਅਤੇ ਬਰੈਂਪਟਨ ਵਿਖੇ ਵੀ ਪ੍ਰੀਮੀਅਰ ਅਜਿਹੀ ਸਥਿਤੀ 'ਚੋਂ ਲੰਘ ਚੁੱਕੇ ਹਨ। ਇਕੱਠ ਦੌਰਾਨ ਲੋਕਾਂ ਨੇ ਚਾਈਲਡ ਕੇਅਰ, ਸਕੂਲਾਂ 'ਚ ਹਿੰਸਾ, ਘੱਟੋਂ-ਘੱਟ ਉਜਰਤਾਂ 'ਚ ਵਾਧਾ ਅਤੇ ਮਰੀਜੁਆਨਾ ਵਰਗੇ ਮੁੱਦੇ ਉਠਾਏ। ਗੁੱਸੇ 'ਚ ਆਏ ਇਕ ਸੇਵਾ ਮੁਕਤ ਅਧਿਆਪਕ ਨੇ ਕੈਥਲੀਨ ਵਿਨ ਨੂੰ ਕਰੜੇ ਹੱਥੀਂ ਲੈਂਦਿਆਂ ਦੋਸ਼ ਲਗਾਇਆ ਕਿ ਸਕੂਲਾਂ 'ਚ ਹਿੰਸਾ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ। ਇੱਥੋਂ ਤਕ ਕਿ ਅਧਿਆਪਕ ਆਪਣੀ ਸੁਰੱਖਿਆ ਪ੍ਰਤੀ ਚਿੰਤਤ ਹਨ।
ਇਕ ਹੋਰ ਵਿਅਕਤੀ ਨੇ ਘੱਟੋਂ-ਘੱਟ ਉਜਰਤਾਂ 'ਚ ਵਾਧੇ ਦਾ ਵਿਰੋਧ ਕਰਦਿਆਂ ਕਿਹਾ ਕਿ ਸੂਬੇ 'ਚੋਂ ਨੌਕਰੀਆਂ ਖਤਮ ਹੋ ਰਹੀਆਂ ਹਨ। ਉਸ ਨੇ ਦਲੀਲ ਦਿੱਤੀ ਕਿ 14 ਡਾਲਰ ਪ੍ਰਤੀ ਘੰਟਾ ਉਜਰਤ ਹੋਣ ਕਾਰਨ ਉਸ ਦੀ ਮਹਿਲਾ ਦੋਸਤ ਨੂੰ ਨੌਕਰੀ ਗੁਆਉਣੀ ਪਈ। ਉਸ ਵਿਅਕਤੀ ਦਾ ਗੁੱਸਾ ਇੱਥੇ ਹੀ ਨਹੀਂ ਰੁੱਕਿਆ ਅਤੇ ਉਸ ਨੇ ਕਿਹਾ ਕਿ ਓਨਟਾਰੀਓ ਹੁਣ ਸੋਵੀਅਤ ਰੂਸ ਵਾਂਗ ਨਜ਼ਰ ਆਉਣ ਲੱਗਿਆ ਹੈ। ਇਸੇ ਤਰ੍ਹਾਂ ਇਕ 76 ਸਾਲ ਦੀ ਬਜ਼ੁਰਗ ਜਿਸ ਦਾ ਨਾਂ ਸ਼ਰਲੀ ਦੱਸਿਆ ਗਿਆ, ਨੇ ਓਨਟਾਰੀਓ ਦੇ ਨਰਸਿੰਗ ਹੋਮਜ਼ 'ਚ ਬਜ਼ੁਰਗਾਂ ਨਾਲ ਹੋ ਰਹੀ ਧੱਕੇਸ਼ਾਹੀ ਦਾ ਮਸਲਾ ਚੁੱਕਿਆ। 
ਐਲਗੌਨਕੁਇਨ ਕਾਲਜ ਦੇ ਇਕ ਵਿਦਿਆਰਥੀ ਨੇ ਕੈਂਪਸਾਂ 'ਚ ਚੱਲ ਰਹੇ ਯਹੂਦੀ ਵਿਰੋਧੀ ਰੁਝਾਨ 'ਤੇ ਚਿੰਤਾ ਪ੍ਰਗਟ ਕੀਤੀ। ਗੁੱਸੇ 'ਚ ਆਏ ਇਕ ਹੋਰ ਵਿਅਕਤੀ ਨੇ ਚਾਈਲਡ ਕੇਅਰ ਪ੍ਰਣਾਲੀ ਬਾਰੇ ਕਈ ਤਰ੍ਹਾਂ ਦੇ ਸਵਾਲ ਚੁੱਕੇ। ਪ੍ਰੀਮੀਅਰ ਕੈਥਲੀਨ ਵਿਨ ਨੇ ਜਵਾਬ 'ਚ ਕਿਹਾ ਕਿ ਜੇ ਚਾਈਲਡ ਕੇਅਰ ਪ੍ਰਣਾਲੀ ਕੰਮ ਨਾ ਕਰ ਰਹੀ ਹੁੰਦੀ ਤਾਂ ਮਹਿਲਾਵਾਂ ਨੂੰ ਰੁਜ਼ਗਾਰ ਨਾ ਮਿਲਦਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਲਿਬਰਨ ਸਰਕਾਰ ਵੱਲੋਂ ਇਕ ਲੱਖ ਨਵੀਆਂ ਚਾਈਲਡ ਕੇਅਰ ਸੀਟਾਂ ਸਥਾਪਤ ਕਰਨ ਦੀ ਯੋਜਨਾ ਹੈ। 360 ਜਣਿਆ ਦੀ ਭੀੜ 'ਚੋਂ ਕਈਆਂ ਨੇ ਮਰੀਜੁਆਨਾ ਨੂੰ ਕਾਨੂੰਨੀ ਮਾਨਤਾ ਮਿਲਣ ਪਿੱਛੋਂ ਪੈਦਾ ਹੋਣ ਵਾਲੇ ਖਤਰੇ ਦਾ ਜ਼ਿਕਰ ਕੀਤਾ।
ਕੈਥਲੀਨ ਵਿਨ ਨੇ ਕਿਹਾ ਕਿ ਮੈਂ ਲੋਕਾਂ ਦੀਆਂ ਚਿੰਤਾਵਾਂ ਦੀ ਕਦਰ ਕਰਦੀ ਹਾਂ ਅਤੇ ਮਰੀਜੁਆਨਾ ਨੂੰ ਕਾਨੂੰਨੀ ਮਾਨਤਾ ਪਿੱਛੋਂ ਐੱਲ.ਸੀ.ਬੀ.ਓ. ਵੱਲੋਂ ਮਰੀਜੁਆਨਾ ਨੇ 40 ਸਟੋਰਾਂ ਦਾ ਕੰਟਰੋਲ ਆਪਣੇ ਹੱਥਾਂ 'ਚ ਲੈ ਲਿਆ ਜਾਵੇਗਾ। ਇੱਥੇ ਦੱਸਣਾ ਬਣਦਾ ਹੈ ਕੈਥਲੀਨ ਵਿਨ ਵੱਲੋਂ ਨਵੇਂ ਸਾਲ 'ਚ ਪਹਿਲੇ ਟਾਊਨ ਹਾਲ ਦੀ ਮੇਜ਼ਬਾਨੀ ਕੀਤੀ ਗਈ ਸੀ ਅਤੇ ਇਸ ਸਾਲ ਪਹਿਲੀ ਜਨਵਰੀ ਤੋਂ ਹੀ ਘੱਟੋਂ-ਘੱਟ 14 ਡਾਲਰ ਉਜਰਤ ਵਾਲਾ ਕਾਨੂੰਨ ਲਾਗੂ ਹੋਇਆ ਹੈ।


Related News