ਪਾਕਿਸਤਾਨ ''ਚ ਲੱਗਣਗੇ ਭੋਲੇ ਨਾਥ ਦੇ ਜੈਕਾਰੇ, ਭਾਰਤ ਤੋਂ ''ਕਟਾਸਰਾਜ'' ਧਾਮ ਦੇ ਦਰਸ਼ਨਾਂ ਲਈ ਜਾਵੇਗਾ ਜਥਾ (ਤਸਵੀਰਾਂ)

01/15/2017 12:48:57 PM

ਇਸਲਾਮਾਬਾਦ— ਪਾਕਿਸਤਾਨ ''ਚ ਹਿੰਦੂ ਦਾ ਪ੍ਰਸਿੱਧ ਧਾਮ ਹੈ। ਇਸ ਧਾਮ ਦਾ ਨਾਂ ਹੈ ਕਟਾਸਰਾਜ ਧਾਮ, ਜਿੱਥੇ ਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਲਈ ਪੂਰੇ ਭਾਰਤ ਤੋਂ 200 ਸ਼ਿਵ ਭਗਤਾਂ ਦਾ ਜਥਾ 22 ਫਰਵਰੀ ਨੂੰ ਪਾਕਿਸਤਾਨ ਰਵਾਨਾ ਹੋਵੇਗਾ। ਕਟਾਸਰਾਜ ਧਾਮ ਲਾਹੌਰ ਤੋਂ 270 ਕਿਲੋਮੀਟਰ ਦੀ ਦੂਰੀ ''ਤੇ ਸਥਿਤ ਚਕਵਾਲ ਜ਼ਿਲੇ ਵਿਚ ਸਥਿਤ ਹੈ। ਕਟਾਸਰਾਜ ਇਕ ਪ੍ਰਾਚੀਨ ਸ਼ਿਵ ਮੰਦਰ ਹੈ। ਇਸ ਮੰਦਰ ''ਚ ਇਕ ਪਵਿੱਤਰ ਅੰਮ੍ਰਿਤ ਕੁੰਡ ਹੈ। ਮਾਨਤਾ ਹੈ ਕਿ ਇਸ ਪਵਿੱਤਰ ਕੁੰਡ ਵਿਚ ਨਹਾਉਣ ਨਾਲ ਵਿਅਕਤੀ ਨੂੰ ਉਸ ਦੇ ਪਾਪਾਂ ਤੋਂ ਮੁਕਤੀ ਮਿਲ ਜਾਂਦੀ ਹੈ। ਕੁੰਡ ਦੀ ਵਿਸ਼ੇਸ਼ਤਾ ਹੈ ਕਿ ਇਹ ਕਦੇ ਸੁੱਕਦਾ ਨਹੀਂ ਹੈ, ਜਿਸ ਕਾਰਨ ਇੱਥੇ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਹਿੰਦਾ ਹੈ। 
ਭਾਵੇਂ ਹੀ ਪੂਰੇ ਦੇਸ਼ ਤੋਂ ਸ਼ਿਵ ਭਗਤਾਂ ''ਚ ਕਟਾਸਰਾਜ ਧਾਮ ''ਚ ਸ਼ਿਵਰਾਤਰੀ ਨੂੰ ਸ਼ਿਵ ਭੋਲੇ ਨਾਥ ਦੀ ਪੂਜਾ ਕਰਨ ਦਾ ਕਾਫੀ ਉਤਸ਼ਾਹ ਹੁੰਦਾ ਹੈ ਪਰ 200 ਸ਼ਰਧਾਲੂਆਂ ਦੀ ਗਿਣਤੀ ਘੱਟ ਹੋਣ ਕਾਰਨ ਹਜ਼ਾਰਾਂ ਦੀ ਗਿਣਤੀ ''ਚ ਸ਼ਿਵ ਭਗਤਾਂ ਨੂੰ ਹਰ ਸਾਲ ਦਰਸ਼ਨਾਂ ਤੋਂ ਵਾਂਝੇ ਰਹਿਣਾ ਪੈਂਦਾ ਹੈ, ਜਿਸ ਕਾਰਨ ਕਈ ਧਾਰਮਿਕ ਸੰਸਥਾਵਾਂ ਵਲੋਂ ਯਾਤਰੀਆਂ ਦੀ ਗਿਣਤੀ ਵਧਾਉਣ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ। ਉੱਥੇ ਹੀ ਕੇਂਦਰ ਸਰਕਾਰ ਨੇ ਕਟਾਸਰਾਜ ਧਾਮ ਦੇ ਦਰਸ਼ਨਾਂ ਲਈ ਲਗਭਗ 20 ਸੰਸਥਾਵਾਂ ਨੂੰ ਜਥਾ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਹੈ। 
ਇਸ ਵਾਰ ਸ਼ਿਵ ਭਗਤਾਂ ਨੂੰ ਕਟਾਸਰਾਜ ਧਾਮ ਕੁਝ ਨਵਾਂ ਦਿਖਾਈ ਦੇਵੇਗਾ। ਬੀਤੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਟਾਸਰਾਜ ਧਾਮ ਦੇ ਦਰਸ਼ਨਾਂ ਲਈ ਗਏ ਸਨ, ਜਿੱਥੇ ਉਨ੍ਹਾਂ ਨੇ ਪਵਿੱਤਰ ਅੰਮ੍ਰਿਤ ਕੁੰਡ ਦੇ ਦਰਸ਼ਨ ਕੀਤੇ ਅਤੇ ਧਾਮ ਦੇ ਇਤਿਹਾਸ ਬਾਰੇ ਜਾਣਕਾਰੀ ਲਈ ਸੀ। ਸ਼ਰੀਫ ਨੇ ਧਾਮ ਦੇ ਸੁੰਦਰੀਕਰਨ ਦਾ ਕੰਮ ਛੇਤੀ ਕਰਾਉਣ ਦਾ ਹੁਕਮ ਦਿੱਤਾ ਹੈ ਅਤੇ ਇੱਥੇ ਅੰਮ੍ਰਿਤ ਕੁੰਡ ਦੇ ਪਵਿੱਤਰ ਜਲ ਲਈ ਵਾਟਰ ਫਿਲਟਰ ਦਾ ਉਦਘਾਟਨ ਕੀਤਾ।
ਪਾਕਿਸਤਾਨ ''ਚ ਲੱਗਣਗੇ ਭੋਲੇ ਨਾਥ ਦੇ ਜੈਕਾਰੇ— ਕਟਾਸਰਾਜ ਧਾਮ ਦੀ ਯਾਤਰਾ 22 ਫਰਵਰੀ ਨੂੰ ਸ਼੍ਰੀ ਦੁਰਗਿਆਣਾ ਤੀਰਥ ਤੋਂ ਰਵਾਨਾ ਹੋ ਕੇ ਲਾਹੌਰ ਜਾਵੇਗੀ। 23 ਫਰਵਰੀ ਨੂੰ ਜਥਾ ਲਾਹੌਰ ਤੋਂ ਕਟਾਸਰਾਜ ਧਾਮ ਜਾਵੇਗਾ। 24 ਫਰਵਰੀ ਨੂੰ ਸ਼ਿਵਰਾਤਰੀ ਵਾਲੇ ਦਿਨ ਸ਼ਿਵ ਭਗਤ ਕਟਾਸਰਾਜ ਧਾਮ, ਅੰਮ੍ਰਿਤ ਕੁੰਡ ਦੇ ਦਰਸ਼ਨ ਕਰਨਗੇ। ਇਸ ਦੌਰਾਨ ਭਗਤਾਂ ਵਲੋਂ ਭੋਲੇ ਨਾਥ ਦੇ ਜੈਕਾਰੇ ਲਾਏ ਜਾਣਗੇ। 26 ਫਰਵਰੀ ਨੂੰ ਜਥਾ ਲਾਹੌਰ ਤੋਂ ਸ੍ਰੀ ਲਵ ਸਮਾਧੀ ਦੇ ਦਰਸ਼ਨ ਕਰੇਗਾ ਅਤੇ 27 ਫਰਵਰੀ ਨੂੰ ਲਾਹੌਰ ਸਥਿਤ ਸ੍ਰੀ ਕ੍ਰਿਸ਼ਨ ਮੰਦਰ ਦੇ ਦਰਸ਼ਨਾਂ ਨੂੰ ਜਥਾ ਜਾਵੇਗਾ। ਜਿਸ ਤੋਂ ਬਾਅਦ 28 ਫਰਵਰੀ ਨੂੰ ਜਥਾ ਲਾਹੌਰ ਤੋਂ ਅੰਮ੍ਰਿਤਸਰ ਵਾਪਸ ਜਾਵੇਗਾ।

Tanu

News Editor

Related News