ਕਰਤਾਰਪੁਰ ਕੋਰੀਡੋਰ ਪ੍ਰੋਜੈਕਟ ਦੇ ਬਾਨੀ ਮੈਕਡਾਨਲਡ ਦਾ ਦਿਹਾਂਤ

Thursday, May 30, 2019 - 09:27 AM (IST)

ਵਾਸ਼ਿੰਗਟਨ, (ਰਾਜ ਗੋਗਨਾ)— ਕਰਤਾਰਪੁਰ ਕੋਰੀਡੋਰ ਪ੍ਰੋਜੈਕਟ ਦੇ ਬਾਨੀ ਜਾਨ ਮੈਕਡਾਨਲਡ (97) ਦਾ ਬੀਤੇ ਦਿਨ ਦਿਹਾਂਤ ਹੋ ਗਿਆ। ਮੈਕਡਾਨਲਡ ਰਾਸ਼ਟਰਪਤੀ ਕਲਿੰਟਨ ਦੇ ਕਾਰਜਕਾਲ ਦੌਰਾਨ ਯੂ. ਐੱਨ. 'ਚ ਅਮਰੀਕਾ ਦੇ ਅੰਬੈਸਡਰ ਸਨ ਅਤੇ ਇੰਸਟੀਚਿਊਟ ਫਾਰ ਮਲਟੀਟ੍ਰੈਕ ਡਿਪਲੋਮਾ ਦੇ ਫਾਊਂਡਰ ਵੀ ਸਨ। ਉਨ੍ਹਾਂ ਨੇ ਅਨੇਕਾਂ ਸ਼ਾਂਤੀ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਿਆ। ਉਨ੍ਹਾਂ ਵਲੋਂ ਕੀਤੀਆਂ ਗਈਆਂ ਸ਼ਾਂਤੀ ਕੋਸ਼ਿਸ਼ਾਂ ਅਤੇ ਪ੍ਰਾਪਤੀਆਂ ਸਦਕਾ ਉਹ ਸੰਸਾਰ ਦੀਆਂ ਮਹਾਨ ਸਖਸ਼ੀਅਤਾਂ ਵਿੱਚੋਂ ਇੱਕ ਸਨ । ਯੁਨਾਈਟਡ ਸਿੱਖ ਮਿਸ਼ਨ ਵਲੋਂ 
ਕਰਤਾਰਪੁਰ ਕੋਰੀਡੋਰ ਸਬੰਧੀ ਇਨ੍ਹਾਂ ਨਾਲ ਇੱਕ ਸੰਧੀ ਕੀਤੀ ਸੀ। ਇਸ ਵਿੱਚ ਪੰਜ ਸਖਸ਼ੀਅਤਾਂ ਨੇ ਜਾਨ ਮੈਕਡੋਨਲ ਨਾਲ ਕੰਮ ਕੀਤਾ ਅਤੇ ਕਰਤਾਰਪੁਰ ਕੋਰੀਡੋਰ ਪ੍ਰੋਜੈਕਟ 60,000 ਡਾਲਰ ਲਗਾ ਕੇ ਤਿਆਰ ਕੀਤਾ ਗਿਆ ਸੀ । ਜੋ ਭਾਰਤ ਅਤੇ ਪਾਕਿਸਤਾਨ ਸਰਕਾਰ ਨੂੰ ਦਿੱਤਾ ਗਿਆ ਅਤੇ ਇਸੇ ਪ੍ਰੋਜੈਕਟ 'ਤੇ ਅੱਜ-ਕੱਲ ਕੰਮ ਚੱਲ ਰਿਹਾ ਹੈ।

ਉਨ੍ਹਾਂ ਨਾਲ ਇਸ ਪ੍ਰੋਜੈਕਟ 'ਚ ਯੋਗਦਾਨ ਪਾਉਣ ਵਾਲੇ ਰਛਪਾਲ ਸਿੰਘ ਢੀਂਡਸਾ, ਡਾ. ਸੁਰਿੰਦਰ ਸਿੰਘ ਗਿੱਲ, ਗੁਰਚਰਨ ਸਿੰਘ ਵਰਲਡ ਬੈਂਕ, ਹਰਵਿੰਦਰ ਰਿਆੜ, ਆਤਮਾ ਸਿੰਘ, ਇੰਜ. ਸੁਰਿੰਦਰ ਸਿੰਘ, ਅਮਰ ਸਿੰਘ ਮੱਲ੍ਹੀ ਦੇ ਨਾਮ ਵਿਸ਼ੇਸ਼ ਹਨ। ਜਾਨ ਮੈਕਡਾਨਲਡ ਵਲੋਂ ਇਸ ਸਬੰਧੀ ਭਾਰਤ ਅਤੇ ਪਾਕਿਸਤਾਨ ਦੋਵਾਂ ਸਰਕਾਰਾਂ ਨਾਲ ਲਗਾਤਾਰ ਰਾਬਤਾ ਰੱਖਿਆ ਗਿਆ ਤੇ ਇਹ ਪ੍ਰੋਜੈਕਟ ਬਾਬੇ ਨਾਨਕ ਦੀ ਅਪਾਰ ਕਿਰਪਾ ਸਦਕਾ 550ਵੇਂ ਪ੍ਰਕਾਸ਼ ਦਿਹਾੜੇ ਤੇ ਨਾਨਕ ਨਾਮ ਲੇਵਾ ਸੰਗਤਾਂ ਦੇ ਦਰਸ਼ਨਾਂ ਲਈ ਮੁਕੰਮਲ ਹੋ ਕੇ ਖੁੱਲ੍ਹਣ ਜਾ ਰਿਹਾ ਹੈ।
 

PunjabKesari

ਉਨ੍ਹਾਂ ਦੇ ਸਦੀਵੀ ਵਿਛੋੜੇ ਦੇ ਦੁੱਖ ਦਾ ਪ੍ਰਗਟਾਵਾ ਤੇ ਪਰਿਵਾਰ ਨਾਲ ਸਾਂਝ ਪਾਉਣ ਵਾਲਿਆਂ ਵਿੱਚ ਮੈਟਰੋਪੁਲਿਟਨ ਦੇ ਗੁਰੂਘਰਾਂ ਦੇ ਪ੍ਰਬੰਧਕ, ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰ ਸ਼ਾਮਲ ਹਨ। ਜਸਦੀਪ ਸਿੰਘ ਜੱਸੀ (ਚੇਅਰਮੈਨ ਸਿੱਖਸ ਆਫ ਅਮਰੀਕਾ), ਡਾ. ਰਾਜਵੰਤ ਸਿੰਘ ਫਾਊਂਡਰ ਗੁਰੂ ਗੋਬਿੰਦ ਸਿੰਘ ਗੁਰੂਘਰ, ਡਾ. ਦਰਸ਼ਨ ਸਿੰਘ ਸਲੂਜਾ ਚੇਅਰਮੈਨ ਜੀ. ਐੱਨ. ਐੱਫ. ਏ., ਗੁਰਪ੍ਰੀਤ ਸਿੰਘ ਸੰਨੀ ਪ੍ਰਧਾਨ ਸਿੱਖ ਐਸੋਸੀਏਸ਼ਨ, ਹਰਬੰਸ ਸਿੰਘ ਸੰਧੂ ਗੁਰਦੁਆਰਾ ਗਿਆਨ ਸਾਗਰ, ਭਾਈ ਦਵਿੰਦਰ ਸਿੰਘ (ਸਿੰਘ ਸਭਾ ਗੁਰਦੁਆਰਾ), ਸੁਰਜੀਤ ਸਿੰਘ (ਵਰਜੀਨੀਆ ਗੁਰੂਘਰ), ਗੁਰਦੇਵ ਸਿੰਘ ਕੰਗ ਨਿਊਯਾਰਕ, ਡਾ. ਸਾਹਨੀ (ਵਾਸ਼ਿੰਗਟਨ ਡੀ. ਸੀ. ਗੁਰਦੁਆਰਾ), ਬੀਬੀ ਰਵਿੰਦਰ ਕੌਰ ਮੱਲ੍ਹੀ, ਸਤਪਾਲ ਸਿੰਘ ਬਰਾੜ ਚੀਫ ਸਪੋਕਸਮੈਨ ਅਕਾਲੀ ਦਲ ਤੋਂ ਇਲਾਵਾ ਹਜ਼ਾਰਾਂ ਸਖਸ਼ੀਅਤ ਸਨ।
ਉਨ੍ਹਾਂ ਦੀਆਂ ਅੰਤਮ ਰਸਮਾਂ 7 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰ 10 ਵਜੇ ਬਾਅਦ ਦੁਪਹਿਰ 1 ਵਜੇ ਤੱਕ ਅਰਲਿੰਗਟਨ, ਵਰਜੀਨੀਆ ਦੇ ਲੁਖਰਨ ਚਰਚ ਵਾਸ਼ਿੰਗਟਨ ਬੁਲੇਵਾਰਡ ਵਿਖੇ ਹੋਣਗੀਆਂ।
ਇੰਝ ਸ਼ੁਰੂ ਕੀਤਾ ਸੀ ਕਰਤਾਰਪੁਰ ਕੋਰੀਡੋਰ ਪ੍ਰੋਜੈਕਟ—
2009 ਵਿਚ ਮੈਕਡਾਨਲਡ ਨਾਲ ਲਾਸ ਏਂਜਲਸ ਵਿਚ ਇਸ ਪ੍ਰੋਜੈਕਟ ਸਬੰਧੀ ਕਾਂਟਰੈਕਟ ਸਾਈਨ ਕੀਤਾ, ਜਿਸ ਉਪਰੰਤ ਆਪ ਜੀ ਨੇ ਦੋਵਾਂ ਸਰਕਾਰਾਂ ਨਾਲ ਰਾਬਤਾ ਬਣਾ ਕੇ ਮਾਰਗ ਉਸਾਰੇ ਜਾਣ ਦੀ ਗੱਲ ਚਲਾਈ ਸੀ। 2010 ਦੇ ਮੱਧ 'ਚ ਹੀ ਇਸ ਮਾਰਗ ਸਬੰਧੀ ਇਕ ਜਾਣਕਾਰੀ ਭਰਪੂਰ ਕਿਤਾਬਚਾ ਤਿਆਰ ਕਰਕੇ ਦੋਵਾਂ ਸਰਕਾਰਾਂ ਦੇ ਸਿਆਸਤਦਾਨਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੱਕ ਪਹੁੰਚਦਾ ਕੀਤਾ ਗਿਆ। ਇਹ ਕਿਤਾਬਚਾ ਨਿਊਜਰਸੀ ਵਿਚ ਰਿਲੀਜ਼ ਵੀ ਕੀਤਾ ਗਿਆ। ਜਾਨ ਡਬਲਯੂ ਮੈਕਡਾਨਲਡ ਨਾਲ ਜਦੋਂ ਸਲਾਹ ਮਸ਼ਵਰਾ ਕੀਤਾ ਗਿਆ ਕਿ ਇਸ ਕੋਰੀਡੋਰ ਦਾ ਨਾਮ ਸ੍ਰੀ ਕਰਤਾਪੁਰ ਕੋਰੀਡੋਰ ਰੱਖਣਾ ਚਾਹੁੰਦੇ ਹਾਂ ਤਾਂ ਉਨ੍ਹਾਂ ਕਿਹਾ ਸੀ ਕਿ ਇਹ ਤਾਂ ਬਿਲਕੁਲ ਠੀਕ ਹੈ ਪਰ ਇਹ ਕੋਰੀਡੋਰ ਇਕੱਲੇ ਕਰਤਾਰਪੁਰ ਨਾਲ ਹੀ ਸਬੰਧਿਤ ਨਹੀਂ ਹੋਵੇਗਾ ਇਕ ਪੂਰੇ ਏਸ਼ੀਆ ਦੀ ਸ਼ਾਂਤੀ ਨੂੰ ਕਾਇਮ ਕਰਨ ਲਈ ਪ੍ਰਭਾਵੀ ਹੋਵੇਗਾ। ਇਸ ਲਈ ਇਸ ਦਾ ਨਾਮ ਸਾਊਥ ਏਸ਼ੀਅਨ ਪੀਸ ਕੋਰੀਡੋਰ ਰੱਖਿਆ ਜਾਵੇ।


Related News