ਕਾਬੁਲ ’ਚ ਮਹਿੰਗਾਈ ਦੀ ਮਾਰ, 50 ਫੀਸਦੀ ਤਕ ਮਹਿੰਗੀਆਂ ਹੋਈਆਂ ਸਬਜ਼ੀਆਂ, ਭੋਜਨ ਤੇ ਦਵਾਈਆਂ ਦੀ ਭਾਰੀ ਕਮੀ
Monday, Sep 27, 2021 - 04:12 PM (IST)
ਕਾਬੁਲ– ਤਾਬਿਲਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੇ ਹਾਲਾਤ ਦਿਨੋਂ-ਦਿਨ ਖਰਾਬ ਹੋ ਰਹੇ ਹਨ। ਸੋਕੇ ਅਤੇ ਦੋ ਦਹਾਕਿਆਂ ਦੀ ਜੰਗ ਨਾਲ ਜੂਝ ਰਹੇ ਅਫਗਾਨੀਆਂ ਨੂੰ ਹੁਣ ਭੋਜਨ ਅਤੇ ਦਵਾਈਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਰਿਪੋਰਟ ਮੁਤਾਬਕ, ਅਫਗਾਨਿਸਤਾਨ ’ਚ ਭੋਜਨ ਸਾਮਗੱਰੀ, ਪੈਟਰੋਲ-ਡੀਜ਼ਲ ਅਤੇ ਦਵਾਈਆਂ ਦੀ ਭਾਰੀ ਕਮੀ ਹੈ, ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧ ਗਈਆਂ ਹਨ। ਇਸ ਤੋਂ ਇਲਾਵਾ ਜ਼ਿਆਦਾਤਰ ਲੋਕ ਤਾਲਿਬਾਨੀ ਸਾਸ਼ਨ ’ਚ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਕਿਤੇ ਕੋਈ ਕੰਮਕਾਜ ਵੀ ਨਹੀਂ ਕਰ ਪਾ ਰਹੇ ਹਨ।
ਟੈਕਸੀ ਅਤੇ ਬੱਸ ਚਲਾਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਅਗਸਤ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤੇਲ ਦੀਆਂ ਕੀਮਤਾਂ ਕਰੀਬ 40 ਫੀਸਦੀ ਤਕ ਵਧ ਗਈਆਂ ਹਨ, ਜਿਸ ਦੇ ਚਲਦੇ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਉਥੇ ਹੀ ਕਾਬੁਲ ਵਾਸੀਆਂ ਨੇ ਦੱਸਿਆ ਕਿ ਆਟੇ ਦੀ ਕੀਮਤ 30 ਫੀਸਦੀ ਅਤੇ ਸਬਜ਼ੀਆਂ ਦੀ ਕੀਮਤ 50 ਫੀਸਦੀ ਤਕ ਵਧ ਗਈ ਹੈ। ਇਸ ਤੋਂ ਇਲਾਵਾ ਬੈਂਕ ’ਚੋਂ ਪੈਸੇ ਕਢਵਾਉਣ ’ਤੇ ਲੱਗੀਆਂ ਪਾਬੰਦੀਆਂ ਕਾਰਨ ਮੁਸ਼ਕਿਲਾਂ ਹੋਰ ਜ਼ਿਆਦਾ ਵਧ ਗਈਆਂ ਹਨ।