ਅਫਗਾਨਿਸਤਾਨ : ਕਾਬੁਲ ਮਸਜਿਦ ''ਚ ਧਮਾਕਾ, 12 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ
Friday, May 14, 2021 - 05:31 PM (IST)
ਕਾਬੁਲ (ਭਾਸ਼ਾ): ਉੱਤਰੀ ਕਾਬੁਲ ਵਿਚ ਜੁਮੇ ਦੀ ਨਮਾਜ਼ ਦੇ ਸਮੇਂ ਇਕ ਮਸਜਿਦ ਵਿਚ ਧਮਾਕਾ ਹੋਇਆ। ਇਸ ਧਮਾਕੇ ਵਿਚ 12 ਨਮਾਜ਼ੀਆਂ ਦੀ ਮੌਤ ਹੋ ਗਈ। ਕਾਬੁਲ ਪੁਲਸ ਦੇ ਬੁਲਾਰੇ ਫਰਦਵਸ ਫਰਾਮਰਜ਼ ਨੇ ਦੱਸਿਆ ਕਿ ਮਸਜਿਦ ਦੇ ਇਮਾਮ ਮੁਫਤੀ ਨਈਮਾਨ ਦੀ ਵੀ ਧਮਾਕੇ ਵਿਚ ਮੌਤ ਹੋ ਗਈ।ਉੱਥੇ 15 ਹੋਰ ਲੋਕ ਜ਼ਖਮੀ ਹੋਏ ਹਨ।
ਫਰਾਮਰਜ਼ ਨੇ ਦੱਸਿਆ ਕਿ ਨਮਾਜ਼ ਸ਼ੁਰੂ ਹੁੰਦੇ ਹੀ ਧਮਾਕਾ ਹੋ ਗਿਆ। ਹੁਣ ਤੱਕ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਸ਼ੁਰੂਆਤੀ ਜਾਂਚ ਤੋਂ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਇਮਾਮ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ ਵਿਚ ਤਿੰਨ ਲਾਸ਼ਾਂ ਮਸਜਿਦ ਵਿਚ ਖੂਨ ਨਾਲ ਲੱਥਪੱਥ ਨਜ਼ਰ ਆ ਰਹੀਆਂ ਹਨ, ਜਿਸ ਵਿਚ ਇਕ ਨਾਬਾਲਗਾ ਵੀ ਹੈ। ਇਹ ਧਮਾਕਾ ਅਜਿਹੇ ਸਮੇਂ ਹੋਇਆ ਹੈ ਜਦੋਂ ਤਾਲਿਬਾਨ ਅਤੇ ਅਫਗਾਨਿਸਤਾਨ ਸਰਕਾਰ ਨੇ ਈਦ-ਉਲ-ਫਿਤਰ ਦੇ ਮੱਦੇਨਜ਼ਰ ਤਿੰਨ ਦਿਨ ਦੀ ਜੰਗਬੰਦੀ ਦੀ ਘੋਸ਼ਣਾ ਕੀਤੀ ਹੋਈ ਹੈ।