''ਕੈਨੇਡਾ ਸਾਊਦੀ ਨੂੰ ਹਥਿਆਰਾਂ ਦੀ ਸਪਲਾਈ ਰੋਕਣ ''ਤੇ ਕਰ ਰਿਹੈ ਵਿਚਾਰ''

Monday, Dec 17, 2018 - 05:08 PM (IST)

''ਕੈਨੇਡਾ ਸਾਊਦੀ ਨੂੰ ਹਥਿਆਰਾਂ ਦੀ ਸਪਲਾਈ ਰੋਕਣ ''ਤੇ ਕਰ ਰਿਹੈ ਵਿਚਾਰ''

ਮਾਂਟਰੀਅਲ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਸਾਊਦੀ ਅਰਬ ਦੇ ਨਾਲ 2014 ਦੇ ਇਕ ਵੱਡੇ ਹਥਿਆਰ ਸੌਦੇ ਨੂੰ ਰੱਦ ਕਰਨ ਦੇ ਤਰੀਕਿਆਂ 'ਤੇ ਵਿਚਾਰ ਕਰ ਰਿਹਾ ਹੈ। ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ 'ਚ ਸਾਊਦੀ ਅਰਬ ਦੀ ਭੂਮਿਕਾ ਸਾਹਮਣੇ ਆਉਣ ਤੇ ਯਮਨ 'ਚ ਰਿਆਦ ਦੀ ਅਗਵਾਈ 'ਚ ਲੜਾਈ ਦੇ ਵਿਚਾਲੇ ਟਰੂਡੋ ਦੇ ਇਸ ਸੌਦੇ ਨੂੰ ਨਾ ਤੋੜਨ ਨੂੰ ਲੈ ਕੇ ਉਹ ਵਿਰੋਧੀ ਧਿਰ ਤੇ ਮਨੁੱਖੀ ਅਧਿਕਾਰ ਸਮੂਹਾਂ ਦੇ ਨਿਸ਼ਾਨੇ 'ਤੇ ਹਨ।

ਟਰੂਡੋ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਪਿਛਲੇ ਕੰਜ਼ਰਵੇਟਿਵ ਪ੍ਰਸ਼ਾਸਨ ਵਲੋਂ ਕੀਤੇ ਗਏ ਇਸ ਸੌਦੇ ਤੋਂ ਕੈਨੇਡੀਅਨਾਂ ਵਲੋਂ ਬਿਨਾਂ ਬਹੁਤ ਵੱਡਾ ਹਰਜਾਨਾ ਦਿੱਤੇ ਹੱਥ ਖਿੱਚਣੇ ਬਹੁਤ ਮੁਸ਼ਕਲ ਹੈ। ਪਰ ਖਸ਼ੋਗੀ ਦੇ ਕਤਲ 'ਚ ਸਾਊਦੀ ਅਰਬ ਦਾ ਹੱਥ ਹੋਣ ਦਾ ਸਬੂਤ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਨੇ ਨਵੰਬਰ 'ਚ ਇਸ ਹੱਤਿਆ ਨਾਲ ਜੁੜੇ 17 ਸਾਊਦੀ ਨਾਗਰਿਕਾਂ ਦੇ ਖਿਲਾਫ ਪਾਬੰਦੀਆਂ ਦਾ ਐਲਾਨ ਕੀਤਾ ਸੀ। ਦੋ ਅਕਤੂਬਰ ਨੂੰ ਖਸ਼ੋਗੀ ਦਾ ਕਤਲ ਕਰ ਦਿੱਤਾ ਗਿਆ ਸੀ। ਟਰੂਡੋ ਨੇ ਇਕ ਇੰਟਰਵਿਊ 'ਚ ਕਿਹਾ ਕਿ ਇਕ ਪੱਤਰਕਾਰ ਦੀ ਹੱਤਿਆ ਬਿਲਕੁਲ ਸਵਿਕਾਰਯੋਗ ਨਹੀਂ ਹੈ ਤੇ ਇਹੀ ਕਾਰਨ ਹੈ ਕਿ ਕੈਨੇਡਾ ਸ਼ੁਰੂ ਤੋਂ ਉਸ ਤੋਂ ਜਵਾਬ ਤੇ ਹੱਲ ਦੀ ਮੰਗ ਕਰਦਾ ਰਿਹਾ ਹੈ। 

ਉਨ੍ਹਾਂ ਨੇ ਕਿਹਾ ਕਿ ਸਾਊਦੀ ਅਰਬ ਨੂੰ ਬਖਤਰਬੰਦ ਹਲਕੇ ਵਾਹਨ ਬਰਾਮਦ ਕਰਨ ਲਈ ਸਟੀਫਰ ਹਾਰਪਰ ਵਲੋਂ ਕੀਤੇ ਗਏ 15 ਅਰਬ ਡਾਲਰ ਦਾ ਸੌਦਾ ਸਹੀ 'ਚ ਵਿਰਾਸਤ 'ਚ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਦੇਖਣ ਲਈ ਅਸੀਂ ਬਰਾਮਦ ਪਰਮਿਟ 'ਤੇ ਚੀਜ਼ਾਂ ਖੰਗਾਲ ਰਹੇ ਹਾਂ ਕਿ ਸਾਊਦੀ ਅਰਬ ਨੂੰ ਇਨ੍ਹਾਂ ਵਾਹਨਾਂ ਦੀ ਬਰਾਮਦ ਰੋਕਣ ਲਈ ਕੀ ਕੋਈ ਤਰੀਕਾ ਹੈ। ਟਰੂਡੋ ਨੇ ਅਕਤੂਬਰ ਨੂੰ ਇਕ ਪੱਤਰਕਾਰ ਏਜੰਸੀ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਸੀ ਕਿ ਇਸ ਸੌਦੇ ਨੂੰ ਤੋੜਨ ਦਾ ਜੁਰਮਾਨਾ ਇਕ ਅਰਬ ਕੈਨੇਡੀਅਨ ਡਾਲਰ ਤੋਂ ਜ਼ਿਆਦਾ ਹੋ ਸਕਦਾ ਹੈ। ਇਸ ਸੌਦੇ ਨੂੰ ਰੱਦ ਕਰਨ 'ਚ ਅਸਫਲ ਰਹਿਣ 'ਤੇ ਵਿਰੋਧੀ ਧਿਰ ਤੇ ਮਨੁੱਖੀ ਅਧਿਕਾਰ ਵਰਕਰ ਟਰੂਡੋ ਦੀ ਨਿੰਦਾ ਕਰ ਰਹੇ ਹਨ।


author

Baljit Singh

Content Editor

Related News