ਪੱਤਰਕਾਰਾਂ ਨੇ ਨਵੀਆਂ ਰਿਪੋਰਟਿੰਗ ਪਾਬੰਦੀਆਂ ਦੇ ਵਿਰੋਧ ''ਚ ਛੱਡਿਆ ਪੈਂਟਾਗਨ
Thursday, Oct 16, 2025 - 01:23 PM (IST)

ਨਿਊਯਾਰਕ (ਏਜੰਸੀ) - ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਦੁਆਰਾ ਪੱਤਰਕਾਰਾਂ 'ਤੇ ਲਗਾਈਆਂ ਗਈਆਂ ਨਵੀਆਂ ਪਾਬੰਦੀਆਂ ਨੂੰ ਨਾ ਮੰਨਦੇ ਹੋਏ ਕਈ ਪੱਤਰਕਾਰਾਂ ਨੇ ਬੁੱਧਵਾਰ ਨੂੰ 'ਐਕਸੈਸ ਬੈਜ' (ਪੈਂਟਾਗਨ ਲਈ ਅਧਿਕਾਰਤ ਐਂਟਰੀ ਕਾਰਡ) ਵਾਪਸ ਕਰ ਦਿੱਤੇ ਅਤੇ ਪੈਂਟਾਗਨ (ਅਮਰੀਕੀ ਰੱਖਿਆ ਵਿਭਾਗ ਦਾ ਮੁੱਖ ਦਫਤਰ) ਤੋਂ ਬਾਹਰ ਚਲੇ ਗਏ। ਨਿਊਜ਼ ਸੰਗਠਨਾਂ ਨੇ ਰੱਖਿਆ ਮੰਤਰੀ ਦੁਆਰਾ ਲਾਗੂ ਕੀਤੇ ਗਏ ਨਵੇਂ ਨਿਯਮਾਂ ਨੂੰ ਲਗਭਗ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਹੈ। ਇਨ੍ਹਾਂ ਨਿਯਮਾਂ ਦੇ ਤਹਿਤ, ਪੱਤਰਕਾਰਾਂ ਨੂੰ ਹੇਗਸੇਥ ਦੁਆਰਾ ਮਨਜ਼ੂਰ ਨਾ ਕੀਤੀ ਗਈ ਕਿਸੇ ਵੀ ਜਾਣਕਾਰੀ ਦੀ ਰਿਪੋਰਟ ਕਰਨ ਲਈ ਪੈਂਟਾਗਨ ਤੋਂ ਕੱਢਿਆ ਜਾ ਸਕਦਾ ਹੈ, ਭਾਵੇਂ ਉਹ ਜਾਣਕਾਰੀ ਗੁਪਤ ਹੋਵੇ ਜਾਂ ਨਹੀਂ। ਸ਼ਾਮ 4 ਵਜੇ ਦੀ ਸਮਾਂ ਸੀਮਾ ਤੋਂ ਪਹਿਲਾਂ, ਪੱਤਰਕਾਰਾਂ ਨੇ ਸਮੂਹਿਕ ਤੌਰ 'ਤੇ ਪੈਂਟਾਗਨ ਖਾਲ੍ਹੀ ਕਰ ਦਿੱਤਾ। ਲਗਭਗ 40-50 ਪੱਤਰਕਾਰਾਂ ਨੇ ਇੱਕੋ ਸਮੇਂ ਆਪਣੇ ਬੈਜ ਸਮਰਪਣ ਕਰ ਦਿੱਤੇ ਅਤੇ ਆਪਣਾ ਸਮਾਨ ਲੈ ਕੇ ਚਲੇ ਗਏ।
"ਦਿ ਐਟਲਾਂਟਿਕ" ਦੀ ਰਿਪੋਰਟਰ ਨੈਨਸੀ ਯੂਸਫ਼ ਨੇ ਕਿਹਾ, "ਇਹ ਦੁਖਦਾਈ ਹੈ, ਪਰ ਮੈਨੂੰ ਮਾਣ ਹੈ ਕਿ ਪ੍ਰੈਸ ਭਾਈਚਾਰਾ ਇੱਕਜੁੱਟ ਖੜ੍ਹਾ ਸੀ।" ਇਹ ਅਜੇ ਸਪੱਸ਼ਟ ਨਹੀਂ ਹੈ ਕਿ ਨਵੇਂ ਨਿਯਮਾਂ ਦਾ ਵਿਹਾਰਕ ਪ੍ਰਭਾਵ ਕੀ ਹੋਵੇਗਾ। ਹਾਲਾਂਕਿ, ਨਿਊਜ਼ ਸੰਗਠਨਾਂ ਨੇ ਫੌਜ ਦੀ ਮਜ਼ਬੂਤ ਅਤੇ ਵਿਆਪਕ ਕਵਰੇਜ ਜਾਰੀ ਰੱਖਣ ਦਾ ਵਾਅਦਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨ੍ਹਾਂ ਨਿਯਮਾਂ ਦਾ ਇਹ ਕਹਿੰਦੇ ਹੋਏ ਸਮਰਥਨ ਕੀਤਾ ਹੈ ਕਿ "ਪ੍ਰੈਸ ਬਹੁਤ ਵਿਘਨਕਾਰੀ ਅਤੇ ਬੇਈਮਾਨ ਹੈ।"
'ਪੈਂਟਾਗਨ ਪ੍ਰੈਸ ਐਸੋਸੀਏਸ਼ਨ' ਅਤੇ ਲਗਭਗ ਸਾਰੇ ਪ੍ਰਮੁੱਖ ਮੀਡੀਆ ਸੰਗਠਨਾਂ 'ਐਸੋਸੀਏਟਿਡ ਪ੍ਰੈਸ', 'ਨਿਊਯਾਰਕ ਟਾਈਮਜ਼', 'ਫੌਕਸ' ਅਤੇ 'ਨਿਊਜ਼ਮੈਕਸ' ਨੇ ਇਨ੍ਹਾਂ ਨਿਯਮਾਂ ਨੂੰ ਠੁਕਰਾਇਆ ਹੈ। ਇਸ ਐਸੋਸੀਏਸ਼ਨ ਵਿਚ 101 ਮੈਂਬਰ ਹਨ ਜੋ 56 ਨਿਊਜ਼ ਸੰਗਠਨਾਂ ਦੀ ਨੁਮਾਇੰਦਗੀ ਕਰਦੇ ਹਨ। ਸਿਰਫ਼ 'ਵਨ ਅਮਰੀਕਾ ਨਿਊਜ਼ ਨੈੱਟਵਰਕ' ਨੇ ਟਰੰਪ ਪ੍ਰਸ਼ਾਸਨ ਨਾਲ ਨੇੜਤਾ ਬਣਾਉਣ ਦੀ ਉਮੀਦ ਵਿੱਚ ਇਨ੍ਹਾਂ 'ਤੇ ਦਸਤਖਤ ਕੀਤੇ ਹਨ।