ਅਮਰੀਕਾ ਨਾਲ ਤਣਾਅ ਵਿਚਾਲੇ ਜੈਸ਼ੰਕਰ ਨੇ ਦਿੱਤਾ ਵੱਡਾ ਬਿਆਨ
Monday, Oct 06, 2025 - 03:52 PM (IST)

ਨਵੀਂ ਦਿੱਲੀ- ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੇ ਸੰਗਠਨ ਕਵਾਡ ਦੀ ਆਉਣ ਵਾਲੀ ਮੀਟਿੰਗ ਹੋਵੇਗੀ ਜਾਂ ਨਹੀਂ ਇਸ ਦਾ ਭਵਿੱਖ ਕੀ ਹੋਵੇਗਾ, ਇਸ ਨੂੰ ਲੈ ਕੇ ਚੱਲ ਰਹੀਆਂ ਕਿਆਸ ਅਰਾਈਆਂ ’ਤੇ ਵਿਰਾਮ ਦੇਣ ਦੀ ਕੋਸ਼ਿਸ਼ ਕਰਦੇ ਹੋਏ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਕਵਾਡ ਜ਼ਿੰਦਾ ਅਤੇ ਸਹੀ ਹਾਲਤ ’ਚ ਹੈ। ਇਹ ਗੱਲ ਐਤਵਾਰ ਨੂੰ ਕੌਟਿਲਿਆ ਆਰਥਿਕ ਸੰਮੇਲਨ (ਕੇ.ਈ.ਸੀ.) ਦੇ ਸਮਾਪਤੀ ਸਮਾਰੋਹ ’ਚ ਉਨ੍ਹਾਂ ਕਹੀ।
ਅਮਰੀਕਾ ਅਤੇ ਭਾਰਤ ਵਿਚਾਲੇ ਵਪਾਰ ਮੁੱਦਿਆਂ ਨੂੰ ਲੈ ਕੇ ਜਾਰੀ ਤਣਾਅ ’ਤੇ ਜੈਸ਼ੰਕਰ ਨੇ ਕਿਹਾ ਕਿ ਕੋਸ਼ਿਸ਼ ਇਹ ਹੋ ਰਹੀ ਹੈ ਕਿ ਵਪਾਰ ਸਮਝੌਤੇ ਨੂੰ ਲੈ ਕੇ ਸਹਿਮਤੀ ਬਣੇ ਪਰ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕੁਝ ਮੁੱਦਿਆਂ ਨੂੰ ਲੈ ਕੇ ਭਾਰਤ ਨੇ ‘ਲਛਮਣ ਰੇਖਾਵਾਂ’ ਖਿੱਚੀਆਂ ਹਨ। ਜੈਸ਼ੰਕਰ ਨੇ ਅਣਮਿੱਥੇ ਸਮੇਂ ਲਈ ਵਿਦੇਸ਼ ਨੀਤੀ ਨਿਰਮਾਣ ਵਿਸ਼ੇ ’ਤੇ ਆਪਣੀ ਗੱਲ ਰੱਖਦਿਆਂ ਮੰਨਿਆ ਕਿ ਅਜੇ ਵਿਸ਼ਵ ਪੱਧਰ ’ਤੇ ਜਿਸ ਤਰ੍ਹਾਂ ਬੇਯਕੀਨੀ ਹੈ, ਪਹਿਲਾਂ ਕਦੇ ਨਹੀਂ ਵੇਖੀ ਗਈ।
ਜੈਸ਼ੰਕਰ ਤੋਂ ਪੁੱਛਿਆ ਗਿਆ ਸੀ ਕਿ ਕਵਾਡ ਸੰਗਠਨ ਦੀ ਮੌਜੂਦਾ ਸਥਿਤੀ ਕੀ ਹੈ, ਇਸ ’ਤੇ ਉਨ੍ਹਾਂ ਕਿਹਾ ਕਿ ਇਸ ਸਾਲ ਕਵਾਡ ਵਿਦੇਸ਼ ਮੰਤਰੀਆਂ ਦੀਆਂ 2 ਮੀਟਿੰਗਾਂ ਹੋ ਚੁੱਕੀਆਂ ਹਨ। ਇਕ ਜਨਵਰੀ, 2025 ’ਚ ਅਤੇ ਦੂਜੀ ਜੁਲਾਈ, 2025 ’ਚ। ਜਿਸ ਢਾਂਚੇ ਦੇ ਤਹਿਤ ਕਵਾਡ ਦਾ ਗਠਨ ਕੀਤਾ ਗਿਆ ਸੀ, ਉਹ ਜਾਰੀ ਹੈ। ਕਵਾਡ ਜ਼ਿੰਦਾ ਹੈ ਅਤੇ ਠੀਕ ਹੈ। ਇਹ ਪਹਿਲੀ ਵਾਰ ਹੈ ਜਦੋਂ ਚਾਰ ਕਵਾਡ ਮੈਂਬਰ ਦੇਸ਼ਾਂ ਦੇ ਕਿਸੇ ਵੀ ਵਿਦੇਸ਼ ਮੰਤਰੀ ਨੇ ਆਪਣੀ ਸਥਿਤੀ ਸਪੱਸ਼ਟ ਕੀਤੀ ਹੈ।
ਟਰੰਪ ਪ੍ਰਸ਼ਾਸਨ ਲਈ ਕਵਾਡ ਤਰਜੀਹ ਨਹੀਂ
ਟਰੰਪ ਦੀ ਅਗਵਾਈ ’ਚ ਅਮਰੀਕਾ ਨੇ ਕਈ ਦੇਸ਼ਾਂ ਨਾਲ ਵਪਾਰਕ ਸਮਝੌਤਾ ਕਰ ਲਿਆ ਹੈ ਪਰ ਅਜੇ ਤੱਕ ਜਾਪਾਨ ਅਤੇ ਭਾਰਤ ਨਾਲ ਅਜਿਹਾ ਨਹੀਂ ਹੋ ਸਕਿਆ ਹੈ। ਇਸ ਤੋਂ ਇਲਾਵਾ ਜਾਪਾਨ ਸਿਆਸੀ ਅਸਥਿਰਤਾ ਦਾ ਸਾਹਮਣਾ ਕਰ ਰਿਹਾ ਹੈ। ਕਈ ਅੰਤਰਰਾਸ਼ਟਰੀ ਮਾਹਿਰ ਕਹਿੰਦੇ ਹਨ ਕਿ ਇਸ ਸਮੇਂ ਟਰੰਪ ਪ੍ਰਸ਼ਾਸਨ ਲਈ ਕਵਾਡ ਤਰਜੀਹ ਨਹੀਂ ਹੈ। ਅਜਿਹੀ ਸਥਿਤੀ ’ਚ ਕਵਾਡ ਸਿਖਰ ਸੰਮੇਲਨ ਨੂੰ ਲੈ ਕੇ ਪੂਰੀ ਬੇਯਕੀਨੀ ਹੈ। ਜੈਸ਼ੰਕਰ ਨੇ ਮੌਜੂਦਾ ਵਿਸ਼ਵਵਿਆਪੀ ਬੇਯਕੀਨੀ ਲਈ ਜਿਨ੍ਹਾਂ ਮੁੱਦਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਉਨ੍ਹਾਂ ’ਚ ਅਮਰੀਕਾ ਦੀ ਊਰਜਾ ਉਤਪਾਦਨ ’ਚ ਆਈ ਤਬਦੀਲੀ ਨੂੰ ਵੀ ਗਿਣਾਇਆ। ਅਮਰੀਕਾ ਵੱਲੋਂ ਇਕ ਪਾਸੇ ਭਾਰਤ ’ਤੇ ਇਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਰੂਸ ਤੋਂ ਤੇਲ ਨਾ ਖਰੀਦੇ, ਜਦਕਿ ਦੂਜੇ ਪਾਸੇ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਭਾਰਤ ਅਮਰੀਕਾ ਤੋਂ ਵੱਧ ਤੋਂ ਵੱਧ ਤੇਲ ਖਰੀਦੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8