ਹਮਾਸ-ਇਜ਼ਰਾਈਲ ਸ਼ਾਂਤੀ ਸਮਝੌਤੇ ਦੇ ਪਹਿਲੇ ਪੜਾਅ ’ਤੇ ਸਹਿਮਤ, ਟਰੰਪ ਨੇ ਕਿਹਾ- ਸੋਮਵਾਰ ਤੱਕ ਬੰਧਕਾਂ ਦੀ ਰਿਹਾਈ ਸੰਭਵ
Friday, Oct 10, 2025 - 10:14 AM (IST)

ਵਾਸ਼ਿੰਗਟਨ ਡੀ. ਸੀ. (ਇੰਟ.)- ਗਾਜ਼ਾ ’ਚ 2 ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਇਜ਼ਰਾਈਲ ਅਤੇ ਹਮਾਸ ਨੇ ਅਮਰੀਕਾ ਦੀ ਵਿਚੋਲਗੀ ਵਾਲੇ ਸ਼ਾਂਤੀ ਸਮਝੌਤੇ ਦੇ ਪਹਿਲੇ ਪੜਾਅ ’ਤੇ ਸਹਿਮਤੀ ਪ੍ਰਗਟਾਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ। ਟਰੰਪ ਨੇ ਸੋਸ਼ਲ ਮੀਡੀਆ ਟਰੁੱਥ ਸੋਸ਼ਲ ’ਤੇ ਲਿਖਿਆ ਕਿ ਜਲਦੀ ਹੀ ਸਾਰੇ ਬੰਧਕਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਇਹ ਮਜ਼ਬੂਤ ਅਤੇ ਸਥਾਈ ਸ਼ਾਂਤੀ ਦੀ ਦਿਸ਼ਾ ’ਚ ਪਹਿਲਾ ਕਦਮ ਹੈ। ਟਰੰਪ ਨੇ ਕਿਹਾ ਕਿ ਪਹਿਲੇ ਪੜਾਅ ਤਹਿਤ ਗਾਜ਼ਾ ’ਚ ਇਜ਼ਰਾਈਲੀ ਬੰਧਕਾਂ ਦੀ ਰਿਹਾਈ ਸੋਮਵਾਰ ਤੱਕ ਹੋਣ ਦੀ ਉਮੀਦ ਹੈ।
ਸਮਝੌਤੇ ਦੇ 72 ਘੰਟਿਆਂ ਅੰਦਰ ਬੰਧਕਾਂ ਦੀ ਰਿਹਾਈ ਹੋਵੇਗੀ
ਇਹ ਸਮਝੌਤਾ ਮਿਸਰ ’ਚ 8 ਅਕਤੂਬਰ ਨੂੰ ਹੋਈ ਗੱਲਬਾਤ ਤੋਂ ਬਾਅਦ ਹੋਇਆ ਹੈ। ਸਮਝੌਤੇ ’ਚ ਗਾਜ਼ਾ ਤੋਂ ਇਜ਼ਰਾਈਲੀ ਫੌਜ ਦੀ ਵਾਪਸੀ ਅਤੇ ਕੈਦੀਆਂ ਦੀ ਅਦਲਾ-ਬਦਲੀ ਸ਼ਾਮਲ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਸਮਝੌਤੇ ਦੇ ਲਾਗੂ ਹੋਣ ਦੇ 72 ਘੰਟਿਆਂ ਦੇ ਅੰਦਰ ਲੱਗਭਗ 2,000 ਫਿਲਸਤੀਨੀ ਕੈਦੀਆਂ ਦੇ ਬਦਲੇ ਸਾਰੇ ਬਚੇ ਹੋਏ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ।
ਗਾਜ਼ਾ ਪੀਸ ਪਲਾਨ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਨਾਲ ਕੀਤੀ ਗੱਲ
ਪ੍ਰਧਾਨ ਮੰਤਰੀ ਮੋਦੀ ਨੇ ਗਾਜ਼ਾ ਪੀਸ ਪਲਾਨ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਗਾਜ਼ਾ ’ਚ ਸ਼ਾਂਤੀ ਨੂੰ ਲੈ ਕੇ ਇਤਿਹਾਸਕ ਸਮਝੌਤੇ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਵਧਾਈ ਦਿੱਤੀ। ਪੀ. ਐੱਮ. ਮੋਦੀ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ ਕਿ ਆਪਣੇ ਦੋਸਤ, ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕੀਤੀ ਅਤੇ ਇਤਿਹਾਸਕ ਗਾਜ਼ਾ ਸ਼ਾਂਤੀ ਯੋਜਨਾ ਦੀ ਸਫਲਤਾ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ।