ਸਾਂਝੀ ਸਿੱਖ ਫੈੱਡਰੇਸ਼ਨ ਇਟਲੀ ਸਿੱਖ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਦਾ ਕਰੇਗੀ ਹੱਲ, ਸੰਗਤ ਤੋਂ ਸਹਿਯੋਗ ਦੀ ਕੀਤੀ ਅਪੀਲ

Friday, Jun 11, 2021 - 12:40 PM (IST)

ਸਾਂਝੀ ਸਿੱਖ ਫੈੱਡਰੇਸ਼ਨ ਇਟਲੀ ਸਿੱਖ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਦਾ ਕਰੇਗੀ ਹੱਲ, ਸੰਗਤ ਤੋਂ ਸਹਿਯੋਗ ਦੀ ਕੀਤੀ ਅਪੀਲ

ਰੋਮ (ਕੈਂਥ)-ਇਟਲੀ ’ਚ ਸਿੱਖ ਭਾਈਚਾਰੇ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਅਤੇ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਹਿੱਤ ਇਮੀਲੀਆ ਰੋਮਾਨਾ ਸੂਬੇ ਦੇ ਸਭ ਤੋਂ ਪਹਿਲਾਂ ਬਣੇ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ (ਰਿਜੋਇਮੀਆ) ਵਿਖੇ ਇਟਲੀ ਦੀਆਂ ਸਿੱਖ ਸੰਗਤਾਂ ਵੱਲੋਂ ਸਮੂਹ ਸਿੱਖਾਂ ਦੀ ਸਾਂਝੀ ਫੈੱਡਰੇਸ਼ਨ ਦੀ ਸਥਾਪਨਾ ਲਈ ਸਮਾਗਮ ਕਰਵਾਏ ਗਏ, ਜਿਸ ’ਚ ਇਟਲੀ ਭਰ ਤੋਂ 40 ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਸ਼ਾਮਿਲ ਹੋਏ। ਇਸ ਤੋਂ ਇਲਾਵਾ 08 ਦੇ ਹਲਫੀਆ ਬਿਆਨ ਅਤੇ 05 ਰਜਿਸਟਰਡ ਜਥੇਬੰਦੀਆਂ ਵੱਲੋਂ ਹਾਜ਼ਰੀ ਲਗਵਾਈ ਗਈ।

ਇਹ ਵੀ ਪੜ੍ਹੋ : ਅਮਰੀਕਾ : ਫਲੋਰਿਡਾ ’ਚ ਗੋਲੀਆਂ ਚੱਲਣ ਨਾਲ ਮਚੀ ਹਫੜਾ-ਦਫੜੀ, ਹੋਈਆਂ ਇੰਨੀਆਂ ਮੌਤਾਂ

ਇਸੇ ਦਿਨ ਹੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਗੁਰਤਾਗੱਦੀ ਦਿਵਸ ਮਨਾਏ ਗਏ। ਇਟਲੀ ਦਾ ਗਣਤੰਤਰਤਾ ਦਿਵਸ ਮਨਾਇਆ ਗਿਆ ਅਤੇ ਸਮੂਹ ਨਾਗਰਿਕਾਂ ਨੂੰ ਵਧਾਈਆ ਦਿੱਤੀਆਂ ਗਈਆਂ। ਇਸ ਮਹੱਤਵਪੂਰਨ ਦਿਨ ਦੀ ਖੁਸ਼ੀ ’ਚ ਨੋਵੇਲਾਰਾ ਸ਼ਹਿਰ ਦੀ ਮੇਅਰ ਸਾਹਿਬਾ ਏਲੇਨਾ ਕਾਰਲੇਤੀ ਉਚੇਚੇ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਸਿੱਖ ਭਾਈਚਾਰੇ ਬਾਰੇ  ਦੱਸਿਆ ਕਿ ਸਿੱਖਾਂ ਦੇ ਇਸ ਸ਼ਹਿਰ ’ਚ ਵੱਸਣ ਕਰਕੇ ਅਤੇ ਗੁਰਦੁਆਰਾ ਸਾਹਿਬ ਬਣਨ ਕਰਕੇ ਨੋਵੇਲਾਰਾ ਸ਼ਹਿਰ ਦਾ ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਅਧਿਆਤਮਿਕ ਵਿਕਾਸ ਵੱਡੇ ਪੱਧਰ ’ਤੇ ਹੋਇਆ ਹੈ। ਇਸ ਮੌਕੇ ਹੋਰਨਾਂ ਮਹਿਮਾਨਾਂ ਤੋਂ ਇਲਾਵਾ ਇਟਲੀ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਾਹਿਬਾਨ ਵੀ ਸ਼ਾਮਿਲ ਹੋਏ, ਜੋ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਨਾਲ ਸੰਪਰਕ ਰੱਖਦੇ ਹਨ ਅਤੇ ਸਿੱਖਾਂ ਉੱਪਰ ਅਧਿਐਨ ਵੀ ਕਰ ਰਹੇ ਹਨ।

ਸਮੂਹ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਵੱਲੋਂ ਇਟਲੀ ’ਚ ਸਿੱਖਾਂ ਦੀ ਸਾਂਝੀ ਫੈੱਡਰੇਸ਼ਨ ਦੀ ਸਥਾਪਨਾ ਕਰਨ ਦੇ ਪ੍ਰਸਤਾਵ ਨੂੰ ਸਵੀਕਾਰ ਕੀਤਾ ਗਿਆ, ਜੋ ਇਟਲੀ ’ਚ ਸਿੱਖ ਧਾਰਮਿਕ ਭਾਈਚਾਰੇ ਦੀ ਨੁਮਾਇੰਦਗੀ ਕਰਦਿਆਂ ਸਰਕਾਰ ਨਾਲ ਸੰਪਰਕ ਰੱਖੇਗੀ। ਇਸ ਇਕੱਠ ਮੌਕੇ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਦੇ ਸੇਵਾਦਾਰਾਂ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਸੇਵਾਵਾਂ ਕੋਈ ਸੌਖਾ ਕੰਮ ਨਹੀਂ ਹਨ ਕਿਉਂਕਿ ਪਿਛਲੇ ਕਾਫ਼ੀ ਸਮੇਂ ਤੋਂ ਧਰਮ ਦੀ ਰਜਿਸਟ੍ਰੇਸ਼ਨ ਲਈ ਬਹੁਤ ਜੱਦੋ-ਜਹਿਦ ਕਰ ਰਹੇ ਹਨ ਪਰ ਮੁਕਾਮ ਹਾਸਿਲ ਨਹੀਂ ਹੋ ਸਕਿਆ, ਜਿਸ ਕਰਕੇ ਸਮੂਹ ਜਾਗਰੂਕ ਅਧਿਐਨਕਰਤਾਵਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਸਮੂਹ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਇਟਲੀ ਕਾਨੂੰਨ ਤੋਂ ਹਕੀਕਤ ’ਚ ਜਾਣੂ ਕਰਵਾਇਆ ਜਾਵੇਗਾ, ਜਿਸ ਨਾਲ ਸਮੂਹ ਸਿੱਖ ਧਾਰਮਿਕ ਭਾਈਚਾਰੇ ਦਾ ਕਾਨੂੰਨੀ ਪ੍ਰਣਾਲੀ, ਸੰਵਿਧਾਨਿਕ ਅਤੇ ਜਮਹੂਰੀ ਹੱਕਾਂ ਦੀ ਜਾਣਕਾਰੀ ’ਚ ਵਾਧਾ ਹੋਵੇਗਾ।

ਇਹ ਵੀ ਪੜ੍ਹੋ : ਪਾਕਿ SC ਨੇ ਭਾਰਤ ’ਚ 11 ਪਾਕਿਸਤਾਨੀ ਹਿੰਦੂਆਂ ਦੀ ਮੌਤ ਦੇ ਮਾਮਲੇ ਦੀ ਸੁਣਵਾਈ ਕੀਤੀ ਖਤਮ

ਇਸ ਦੇ ਨਾਲ ਹੀ ਸਮੂਹ ਇਟਾਲੀਅਨ ਅਤੇ ਸਿੱਖ ਆਗੂਆਂ ਵੱਲੋਂ ਕੀਤੀ ਇਸ ਮਿਹਨਤ ਸਦਕਾ ਸਿੱਖ ਸੰਗਤਾਂ ਦੀ ਇਟਲੀ ’ਚ ਪਛਾਣ ਵਧਾਉਣ ’ਚ ਮਦਦ ਮਿਲੇਗੀ । ਇਟਾਲੀਅਨ ਨਾਗਰਿਕ ਸਿੱਖ ਧਰਮ ਦੀਆਂ ਅਧਿਆਤਮਿਕ ਕਦਰਾਂ-ਕੀਮਤਾਂ ਨੂੰ ਸਮਝ ਸਕਣਗੇ ਅਤੇ ਕਦਰ ਕਰ ਸਕਣਗੇ। ਇਟਲੀ ’ਚ ਸਿੱਖ ਕੌਮ ਨੂੰ ਤਰੱਕੀ ਕਰਨ ਲਈ ਇਟਲੀ ਦੇ ਸਮਾਜਿਕ ਖੇਤਰ ਅਤੇ ਇਟਲੀ ’ਚ ਮੌਜੂਦ ਹੋਰ ਧਰਮਾਂ ਨਾਲ ਗੱਲਬਾਤ ਕਰਨ ਲਈ ਕੋਸ਼ਿਸ਼ਾਂ ਨੂੰ ਹੋਰ ਵਧਾਉਣਾ ਪਵੇਗਾ। ਇਸ ਸੰਦਰਭ ’ਚ ਕਾਫੀ ਕੰਮ ਕੀਤਾ ਵੀ ਗਿਆ ਹੈ, ਜਿਵੇਂ ਕਿ ਖਾਸ ਕਰਕੇ ਏਕਤਾ-ਇਤਫਾਕ, ਭਾਈਚਾਰਕ ਸਾਂਝ ਅਤੇ ਆਪਸੀ ਜਾਣਕਾਰੀ ਵਧਾਉਣ ਵਾਲੇ ਇਟਲੀ ਦੇ ਨੁਮਾਇੰਦਾ ਪ੍ਰਮਾਣਿਤ ਵਿਭਾਗ ਨਾਲ ਗੱਲਬਾਤ ਦੇ ਦੌਰ ਵਧਾਏ ਗਏ ਹਨ। ਇਸ ਇੱਕਠ ਦੇ ਅਖੀਰ ’ਚ ਆਈਆਂ ਸਾਰੀਆਂ ਹੀ ਸੰਗਤਾਂ ਦਾ ਪ੍ਰਬੰਧਕਾਂ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਸਾਰਿਆਂ ਵੱਲੋਂ ਇਕੱਠੇ ਮਿਲ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦਾ ਅਹਿਦ ਲਿਆ ਗਿਆ। ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਦੇ ਮੁੱਖ ਸੇਵਾਦਾਰ ਸਤਵਿੰਦਰ ਸਿੰਘ ਬਾਜਵਾ ਨੇ ਦਿੰਦਿਆਂ ਸੰਗਤਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੀ ਅਪੀਲ ਕੀਤੀ ਤਾਂ ਜੋ ਜਲਦ ਸਿੱਖ ਧਰਮ ਨਾਲ ਸੰਬੰਧਿਤ ਮੁਸ਼ਕਿਲਾਂ ਦਾ ਨਿਪਟਾਰਾ ਹੋ ਸਕੇ।


author

Manoj

Content Editor

Related News