ਬ੍ਰਿਟੇਨ ਨੇ ਯੂਕਰੇਨ ਮੁੱਦੇ 'ਤੇ ਰੂਸ ਨੂੰ ਦਿੱਤੀ ਚਿਤਾਵਨੀ, ਕਿਹਾ- 'ਜੇਕਰ ਹਮਲਾ ਕੀਤਾ ਤਾਂ ਇਹ ਹੋਵੇਗੀ ਵੱਡੀ ਭੁੱਲ'

Thursday, Feb 03, 2022 - 02:57 PM (IST)

ਬ੍ਰਿਟੇਨ ਨੇ ਯੂਕਰੇਨ ਮੁੱਦੇ 'ਤੇ ਰੂਸ ਨੂੰ ਦਿੱਤੀ ਚਿਤਾਵਨੀ, ਕਿਹਾ- 'ਜੇਕਰ ਹਮਲਾ ਕੀਤਾ ਤਾਂ ਇਹ ਹੋਵੇਗੀ ਵੱਡੀ ਭੁੱਲ'

ਲੰਡਨ (ਏ.ਐੱਨ.ਆਈ.): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਯੂਕਰੇਨ ਨੂੰ ਲੈਕੇ ਰੂਸ ਨੂੰ ਚਿਤਾਵਨੀ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਜੇਕਰ ਰੂਸ ਯੂਕਰੇਨ 'ਤੇ ਹਮਲਾ ਕਰਦਾ ਹੈ ਤਾਂ ਇਹ ਉਸ ਦੀ ਵੱਡੀ ਗਲਤੀ ਅਤੇ ਗਲਤ ਮੁਲਾਂਕਣ ਹੋਵੇਗਾ। ਉਹਨਾਂ ਨੇ ਇਹ ਗੱਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਫੋਨ 'ਤੇ ਹੋਈ ਗੱਲਬਾਤ ਦੌਰਾਨ ਕਹੀ। ਉਹਨਾਂ ਨੇ ਰੂਸ ਦੇ ਰਾਸ਼ਟਰਪਤੀ ਨੂੰ ਕਿਹਾ ਕਿ ਉਹ ਯੂਕਰੇਨ ਨਾਲ ਲੱਗਦੀ ਸਰਹੱਦ 'ਤੇ ਇਕ ਲੱਖ ਰੂਸੀ ਜਵਾਨਾਂ ਦਾ ਤਾਇਨਾਤੀ ਤੋਂ ਕਾਫੀ ਚਿੰਤਤ ਹਨ। ਬ੍ਰਿਟੇਨ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਫੋਨ 'ਤੇ ਹੋਈ ਵਾਰਤਾ ਦੌਰਾਨ ਦੋਹਾਂ ਦੇਸ਼ਾਂ ਦੇ ਰਾਸ਼ਟਰ ਪ੍ਰਧਾਨ ਇਸ ਗੱਲ 'ਤੇ ਸਹਿਮਤ ਸਨ ਕਿ ਯੁੱਧ ਕਿਸੇ ਵੀ ਦੇਸ਼ ਲਈ ਸਹੀ  ਨਹੀਂ ਹੋਵੇਗਾ। ਇਸ ਨਾਲ ਕਿਸੇ ਨੂੰ ਕੋਈ ਫਾਇਦਾ ਨਹੀਂ ਮਿਲਣ ਵਾਲਾ ਹੈ। 

ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਨਾਟੋ ਸੰਗਠਨ ਨਾਲ ਜੁੜਨ ਦੇ ਮੁੱਦੇ 'ਤੇ ਜਾਨਸਨ ਨੇ ਇਹ ਵੀ ਕਿਹਾ ਕਿ ਯੂਕਰੇਨ ਨੂੰ ਇਸ ਗੱਲ ਦਾ ਪੂਰਾ ਹੱਕ ਹੈ ਕਿ ਉਹ ਨਾਟੋ ਨੂੰ ਜੁਆਇਨ ਕਰੇ ਜਾਂ ਨਾ ਕਰੇ। ਉਹਨਾਂ ਨੇ ਕਿਹਾ ਕਿ ਕਿਸੇ ਵਿਵਾਦ ਅਤੇ ਤਣਾਅ ਦੀ ਸਥਿਤੀ ਵਿਚ ਯੂਕਰੇਨ ਨੂੰ ਰੂਸ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਇੱਥੇ ਦੱਸ ਦਈਏ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਮੰਗਲਵਾਰ ਨੂੰ ਯੂਕਰੇਨ ਦੇ ਦੌਰੇ 'ਤੇ ਸਨ। ਉਹਨਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਡਿਮਿਰ ਜੇਲੇਂਸਕੀ ਨਾਲ ਗੱਲ ਕੀਤੀ। ਉਹਨਾਂ ਦਾ ਕਹਿਣਾ ਸੀ ਕਿ ਯੂਕਰੇਨ ਦੀ ਸਰਹੱਦ ਪਾਰ ਰੂਸੀ ਸੈਨਾ ਦਾ ਇਕੱਠੇ ਹੋਣਾ ਚਿੰਤਾ ਦੀ ਗੱਲ ਹੈ। ਇਹ ਸਿੱਧੇ ਤੌਰ 'ਤੇ ਯੂਕਰੇਨ ਲਈ ਖਤਰੇ ਦਾ ਸੰਕੇਤ ਹੈ।

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਵੱਲੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਸਰਹੱਦ ਖੋਲ੍ਹਣ ਦਾ ਐਲਾਨ, ਬਣਾਈ ਇਹ ਯੋਜਨਾ

ਇਸ ਵਿਚਕਾਰ ਰੂਸ ਨੇ ਵੀ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਯੂਕਰੇਨ ਨੂੰ ਲੈਕੇ ਨਾਟੋ ਦੀ ਚਿੰਤਾ ਬੇਕਾਰ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਕ ਵਾਰ ਫਿਰ ਤੋਂ ਨਾਟੋ ਫ਼ੌਜ ਨੂੰ ਪੂਰਬੀ ਯੂਰਪ ਤੋਂ ਹਟਣ ਲਈ ਕਿਹਾ ਹੈ। ਨਾਲ ਹੀ ਉਹਨਾਂ ਨੇ ਇਸ ਗੱਲ ਦੀ ਗਾਰੰਟੀ ਮੰਗੀ ਹੈ ਕਿ ਨਾਟੋ ਕਿਸੇ ਵੀ ਸੂਰਤ ਵਿਚ ਯੂਕਰੇਨ ਨੂੰ ਆਪਣੇ ਵਿਚ ਸ਼ਾਮਲ ਨਹੀਂ ਕਰੇਗਾ। ਪੁਤਿਨ ਨੇ ਨਾਟੋ ਸੰਗਠਨ ਦੇ ਮੈਂਬਰਾਂ ਦੀ ਲੁਕੀ ਹੋਈ 'ਓਪਨ ਡੋਰ ਪਾਲਿਸੀ' 'ਤੇ ਵੀ ਤਿੱਖਾ ਬਿਆਨ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਨਾਟੋ ਆਪਣੇ ਹੀ ਦਿੱਤੇ ਬਿਆਨਾ ਤੋਂ ਭਟਕ ਰਿਹਾ ਹੈ ਅਤੇ ਵਿਵਾਦ ਖੜ੍ਹਾ ਕਰ ਰਿਹਾ ਹੈ। ਗੌਰਤਲਬ ਹੈ ਕਿ ਪਿਛਲੇ ਕੁਝ ਸਮੇਂ ਤੋਂ ਯੂਕਰੇਨ ਅਤੇ ਰੂਸ ਵਿਚਾਲੇ ਤਣਾਅ ਕਾਫੀ ਵੱਧ ਗਿਆ ਹੈ। ਦੋਵੇਂ ਦੇਸ਼ ਇਕ-ਦੂਜੇ 'ਤੇ ਦੋਸ਼ ਲਗਾ ਰਹੇ ਹਨ। ਰੂਸ ਲਗਾਤਾਰ ਉਹਨਾਂ ਦੋਸ਼ਾਂ ਨੂੰ ਖਾਰਿਜ ਕਰਦਾ ਆ ਰਿਹਾ ਹੈ, ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਉਹ ਯੂਕਰੇਨ 'ਤੇ ਹਮਲਾ ਕਰਨਾ ਚਾਹੁੰਦਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News