ਐੱਮ.ਪੀ. ਜੌਹਨ ਮੈਕਡੋਨਲ ਤੇ ਕੌਂਸਲਰ ਰਾਜੂ ਸੰਸਾਰਪੁਰੀ ਵਲੋਂ ਇਫ਼ਤਾਰ 'ਚ ਸ਼ਿਰਕਤ
Saturday, Jun 09, 2018 - 03:01 PM (IST)

ਲੰਡਨ, (ਰਾਜਵੀਰ ਸਮਰਾ)— ਮੁਸਲਿਮ ਸੈਂਟਰ ਦੇ ਸੱਦੇ 'ਤੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਰੱਖੇ ਜਾ ਰਹੇ ਰੋਜ਼ੇ ਖੋਲ੍ਹਣ ਦੀ ਰਸਮ ਇਫ਼ਤਾਰ ਵਿਚ ਬਰਤਾਨੀਆ ਦੇ ਸ਼ੈਡੋ ਖ਼ਜ਼ਾਨਾ ਮੰਤਰੀ ਜੌਹਨ ਮੈਕਡੋਨਲ ਨੇ ਸ਼ਿਰਕਤ ਕੀਤੀ। ਇਸ ਮੌਕੇ ਕੌਂਸਲਰ ਰਾਜੂ ਸੰਸਾਰਪੁਰੀ ਅਤੇ ਹੇਜ਼ ਬਿਜਨਿਸ ਫਾਰਮ ਦੇ ਚੇਅਰਮੈਨ ਅਜੈਬ ਸਿੰਘ ਪੁਆਰ ਸਮੇਤ ਵੱਖ-ਵੱਖ ਧਰਮਾਂ ਅਤੇ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਹਾਜ਼ਰੀ ਭਰੀ।
ਇਸ ਮੌਕੇ ਬੋਲਦਿਆਂ ਐੱਮ.ਪੀ. ਜੌਹਨ ਮੈਕਡੋਨਲ ਅਤੇ ਕੌਂਸਲਰ ਰਾਜੂ ਸੰਸਾਰਪੁਰੀ ਨੇ ਕਿਹਾ ਕਿ ਅੱਜ ਪੂਰਾ ਵਿਸ਼ਵ ਨਫ਼ਰਤ ਦੀ ਅੱਗ ਵਿਚ ਸੜ ਰਿਹਾ ਹੈ ਅਤੇ ਸਾਰੀਆਂ ਕੌਮਾਂ ਵਿਚ ਪਿਆਰ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਹਰ ਧਰਮ ਪਿਆਰ ਸਿਖਾਉਂਦਾ ਹੈ, ਜਿਸ 'ਤੇ ਅਮਲ ਦੀ ਲੋੜ ਹੈ। ਕੌਂਸਲਰ ਸੰਸਾਰਪੁਰੀ ਨੇ ਮਸਜਿਦ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਵੀ ਸ਼ਲਾਘਾ ਕੀਤੀ।