ਜੋਅ ਬਾਈਡੇਨ ਨੇ ਟ੍ਰਾਂਸਜੈਂਡਰ ਡਾ. ਰਾਚੇਲ ਲੇਵਿਨ ਨੂੰ ਚੁਣਿਆ ਸਹਾਇਕ ਸਿਹਤ ਸਕੱਤਰ

01/20/2021 8:32:27 AM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਉਨ੍ਹਾਂ ਨੇ ਡਾ. ਰਾਚੇਲ ਲੇਵਿਨ ਨੂੰ ਸੰਯੁਕਤ ਰਾਜ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਵਿਚ ਸਹਾਇਕ ਸਕੱਤਰ ਵਜੋਂ ਸੇਵਾ ਕਰਨ ਲਈ ਨਾਮਜ਼ਦ ਕੀਤਾ ਹੈ। ਬਾਈਡੇਨ-ਹੈਰਿਸ ਦੀ ਤਬਦੀਲੀ ਟੀਮ ਅਨੁਸਾਰ ਜੇ ਸੈਨੇਟ ਦੁਆਰਾ ਇਸ ਨਾਮਜ਼ਦਗੀ ਦੀ ਪੁਸ਼ਟੀ ਕੀਤੀ ਜਾਂਦੀ ਹੈ, ਤਾਂ ਲੇਵਿਨ ਸੈਨੇਟ ਵਲੋਂ ਪ੍ਰਮਾਣਿਤ ਕੀਤੀ ਭੂਮਿਕਾ ਲਈ ਸਭ ਤੋਂ ਪਹਿਲੀ ਟਰਾਂਸਜੈਂਡਰ ਫੈਡਰਲ ਅਧਿਕਾਰੀ ਹੋਵੇਗੀ। 

ਬਾਈਡੇਨ ਵਲੋਂ ਨਾਮਜ਼ਦ ਲੇਵਿਨ, ਪੈਨਸਿਲਵੇਨੀਆ ਦੇ ਸਿਹਤ ਵਿਭਾਗ ਦੀ ਸੈਕਟਰੀ ਹੈ ਅਤੇ ਇਸ ਸਮੇਂ ਕੋਵਿਡ-19 ਮਹਾਮਾਰੀ ਪ੍ਰਬੰਧਨ ਲਈ ਸੂਬੇ ਦੀ ਅਗਵਾਈ ਕਰ ਰਹੀ ਹੈ। ਇਸ ਇਲਾਵਾ ਬਾਈਡੇਨ ਦੇ ਇਕ ਬਿਆਨ ਅਨੁਸਾਰ ਡਾ. ਰਾਚੇਲ ਲੇਵਿਨ ਮਹਾਮਾਰੀ ਦੌਰਾਨ ਬਿਨਾਂ ਕਿਸੇ ਤਰ੍ਹਾਂ ਦੇ ਨਸਲੀ, ਧਾਰਮਿਕ, ਜਿਨਸੀ ਰੁਝਾਨ, ਲਿੰਗ ਪਛਾਣ ,ਅਪੰਗਤਾ ਆਦਿ ਭੇਦਭਾਵ ਦੇ ਲੋਕਾਂ ਦੀ ਮਦਦ ਲਈ ਨਿਰੰਤਰਤਾ ਨਾਲ ਸੇਵਾ ਕਰੇਗੀ । ਲੇਵਿਨ ਪ੍ਰਸ਼ਾਸਨ ਦੇ ਸਿਹਤ ਯਤਨਾਂ ਦੀ ਅਗਵਾਈ ਕਰਨ ਵਿਚ ਸਹਾਇਤਾ ਕਰਨ ਲਈ ਇਕ ਇਤਿਹਾਸਕ ਅਤੇ ਢੁੱਕਵੀਂ ਯੋਗਤਾ ਵਾਲੀ ਚੋਣ ਹੈ। ਇਸ ਦੇ ਇਲਾਵਾ ਉਪ-ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਨੇ ਵੀ ਲੇਵਿਨ ਨੂੰ ਗਿਆਨ ਅਤੇ ਤਜ਼ਰਬੇ ਵਾਲੀ ਇਕ ਮਹੱਤਵਪੂਰਨ ਜਨਤਕ ਸੇਵਕ ਕਿਹਾ ਹੈ। 

ਲੇਵਿਨ, ਹਾਰਵਰਡ ਕਾਲਜ ਅਤੇ ਤੁਲੇਨ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਦੀ ਗ੍ਰੈਜੂਏਟ ਹੈ ਅਤੇ ਉਸ ਨੇ ਨਿਊਯਾਰਕ ਸਿਟੀ ਵਿਚ ਸਿਨਾਈ ਮੈਡੀਕਲ ਸੈਂਟਰ ਤੋਂ ਬਾਲ ਰੋਗ ਅਤੇ ਕਿਸ਼ੋਰਾਂ ਸੰਬੰਧੀ ਦਵਾਈ ਦੀ ਸਿਖਲਾਈ ਪ੍ਰਾਪਤ ਕੀਤੀ ਹੈ। ਡਾ. ਲੇਵਿਨ ਪੇਨ ਸਟੇਟ ਕਾਲਜ ਆਫ਼ ਮੈਡੀਸਨ ਵਿਖੇ ਬਾਲ ਰੋਗਾਂ ਅਤੇ ਮਨੋਵਿਗਿਆਨ ਦੀ ਪ੍ਰੋਫ਼ੈਸਰ ਹੋਣ ਦੇ ਨਾਲ ਸੂਬੇ ਅਤੇ ਖੇਤਰੀ ਸਿਹਤ ਅਧਿਕਾਰੀਆਂ ਦੀ ਐਸੋਸੀਏਸ਼ਨ (ASTHO) ਦੀ ਪ੍ਰਧਾਨ ਵਜੋਂ ਵੀ ਸੇਵਾ ਨਿਭਾਅ ਰਹੀ ਹੈ। ਇਨ੍ਹਾਂ ਸਭ ਸੇਵਾਵਾਂ ਨਾਲ ਰੀਪਬਲਿਕਨ ਨਿਯੰਤਰਿਤ ਸੂਬਾ ਸੈਨੇਟ ਵਲੋਂ ਉਸ ਦੀ ਪੈਨਸਿਲਵੇਨੀਆ ਦੀ ਸਿਹਤ ਸਕੱਤਰ ਅਤੇ ਸੂਬੇ ਦੇ ਫਿਜ਼ਿਸ਼ੀਅਨ ਜਨਰਲ ਵਜੋਂ ਵੀ ਤਿੰਨ ਵਾਰ ਪੁਸ਼ਟੀ ਕੀਤੀ ਗਈ ਹੈ।
 


Lalita Mam

Content Editor

Related News