ਜੋਅ ਬਾਈਡੇਨ ਨੇ ਭਾਰਤੀ ਮੂਲ ਦੇ ਦੋ ਡਾਕਟਰਾਂ ਨੂੰ ਪ੍ਰਮੁੱਖ ਅਹੁਦਿਆਂ ਲਈ ਕੀਤਾ ਨਾਮਜ਼ਦ

Thursday, Jul 15, 2021 - 11:21 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਭਾਰਤੀ ਮੂਲ ਦੇ ਲੋਕਾਂ ਨੇ ਆਪਣੀ ਮਿਹਨਤ ਦੇ ਜ਼ੋਰ ’ਤੇ ਉੱਚੇ ਅਹੁਦਿਆਂ ਉੱਪਰ ਆਪਣਾ ਕਬਜ਼ਾ ਕੀਤਾ ਹੈ। ਇਸ ਦੀ ਇੱਕ ਤਾਜ਼ਾ ਮਿਸ਼ਾਲ ’ਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਪ੍ਰਸ਼ਾਸਨ ’ਚ ਡਾਕਟਰੀ ਲਾਈਨ ’ਚ ਪ੍ਰਮੁੱਖ ਭੂਮਿਕਾਵਾਂ ਪ੍ਰਤੀ ਸੇਵਾਵਾਂ ਨਿਭਾਉਣ ਲਈ ਭਾਰਤੀ ਮੂਲ ਦੇ ਇੱਕ ਪ੍ਰਸਿੱਧ ਡਾਕਟਰ ਅਤੇ ਇੱਕ ਸਰਜਨ ਨੂੰ ਨਾਮਜ਼ਦ ਕੀਤਾ ਹੈ। ਇਸ ਦੌਰਾਨ ਬਾਈਡੇਨ ਵੱਲੋਂ ਵੈਸਟ ਵਰਜੀਨੀਆ ਦੇ ਸਾਬਕਾ ਸਿਹਤ ਕਮਿਸ਼ਨਰ ਡਾ. ਰਾਹੁਲ ਗੁਪਤਾ ਨੂੰ ਮੰਗਲਵਾਰ  ਨੈਸ਼ਨਲ ਡਰੱਗ ਕੰਟਰੋਲ ਪਾਲਿਸੀ ਦਫਤਰ ਦੇ ਅਗਲੇ ਡਾਇਰੈਕਟਰ ਲਈ ਨਾਮਜ਼ਦ ਕੀਤਾ ਹੈ। ਇਸ ਦੇ ਨਾਲ ਹੀ ਇੱਕ ਸਰਜਨ ਅਤੇ ਮਸ਼ਹੂਰ ਲੇਖਕ ਅਤੁਲ ਗਾਵੰਡੇ ਨੂੰ ਯੂ. ਐੱਸ. ਏਜੰਸੀ ਫਾਰ ਇੰਟਰਨੈਸ਼ਨਲ ਡਿਵੈੱਲਪਮੈਂਟ ਵਿਕਾਸ ਲਈ ਬਿਊਰੋ ਆਫ ਗਲੋਬਲ ਹੈਲਥ ਦੇ ਸਹਾਇਕ ਐਡਮਨਿਸਟ੍ਰੇਟਰ ਲਈ ਨਾਮਜ਼ਦ ਕੀਤਾ।

ਇਹ ਵੀ ਪੜ੍ਹੋ : ਇਟਲੀ : ਪਰਿਵਾਰ ਨੂੰ ਵਿਦੇਸ਼ ਘੁਮਾਉਣ ਦੇ ਸੁਫ਼ਨੇ ਰਹਿ ਗਏ ਅਧੂਰੇ, ਸੜਕ ਹਾਦਸੇ ’ਚ ਪੰਜਾਬੀ ਵਿਅਕਤੀ ਦੀ ਮੌਤ

25 ਸਾਲਾਂ ਤੋਂ ਪ੍ਰਾਇਮਰੀ ਕੇਅਰ ਫਿਜ਼ੀਸ਼ੀਅਨ ਦਾ ਅਭਿਆਸ ਕਰ ਰਹੇ ਗੁਪਤਾ ਪਹਿਲਾਂ ਵੈਸਟ ਵਰਜੀਨੀਆ ਦੇ ਸਿਹਤ ਕਮਿਸ਼ਨਰ ਦੇ ਤੌਰ ’ਤੇ ਦੋ ਰਾਜਪਾਲਾਂ ਦੇ ਅਧੀਨ ਸੇਵਾ ਨਿਭਾਅ ਰਹੇ ਸਨ। ਗੁਪਤਾ ਨੇ ਇਬੋਲਾ ਵਾਇਰਸ ਰੋਗ ਫੈਲਣ ਦੌਰਾਨ ਸਟੇਟ ਦੀ ਜ਼ੀਕਾ ਕਾਰਜ ਯੋਜਨਾ ਅਤੇ ਇਸ ਦੀਆਂ ਤਿਆਰੀਆਂ ਦੇ ਯਤਨਾਂ ਦੇ ਵਿਕਾਸ ਦੀ ਅਗਵਾਈ ਵੀ ਕੀਤੀ। ਇਸ ਤੋਂ ਇਲਾਵਾ ਡਾਕਟਰ ਗੁਪਤਾ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਬਲਿਕ ਸਿਹਤ ਨੀਤੀ ਤੇ ਕਈ ਸੰਗਠਨਾਂ ਅਤੇ ਟਾਸਕ ਫੋਰਸਾਂ ਦੇ ਸਲਾਹਕਾਰ ਵਜੋਂ ਵੀ ਕੰਮ ਕਰਦੇ ਸਨ। ਇੱਕ ਭਾਰਤੀ ਡਿਪਲੋਮੈਟ ਦਾ ਪੁੱਤਰ ਰਾਹੁਲ ਭਾਰਤ ’ਚ ਪੈਦਾ ਹੋਇਆ ਸੀ ਅਤੇ ਵਾਸ਼ਿੰਗਟਨ ਡੀ. ਸੀ. ਦੇ ਉਪਨਗਰਾਂ ’ਚ ਵੱਡਾ ਹੋਇਆ। 21 ਸਾਲ ਦੀ ਉਮਰ ’ਚ ਉਸ ਨੇ ਦਿੱਲੀ ਯੂਨੀਵਰਸਿਟੀ ’ਚ ਮੈਡੀਕਲ ਦੀ ਪੜ੍ਹਾਈ ਪੂਰੀ ਕੀਤੀ ਅਤੇ ਅਲਾਬਮਾ-ਬਰਮਿੰਘਮ ਯੂਨੀਵਰਸਿਟੀ ਤੋਂ ਪਬਲਿਕ ਹੈਲਥ ’ਚ ਮਾਸਟਰ ਦੀ ਡਿਗਰੀ ਅਤੇ ਲੰਡਨ ਸਕੂਲ ਆਫ਼ ਬਿਜ਼ਨੈੱਸ ਐਂਡ ਫਾਈਨੈਂਸ ਤੋਂ ਗਲੋਬਲ ਮਾਸਟਰ ਆਫ਼ ਬਿਜ਼ਨੈੱਸ ਐਡਮਨਿਸਟ੍ਰੇਸ਼ਨ ਦੀ ਡਿਗਰੀ ਪ੍ਰਾਪਤ ਕੀਤੀ।

ਇਸ ਤੋਂ ਇਲਾਵਾ ਦੂਸਰੇ ਅਹੁਦੇ ਲਈ ਨਾਮਜ਼ਦ 55 ਸਾਲਾ ਗਾਵੰਡੇ ਕਈ ਕਿਤਾਬਾਂ ਦੇ ਲੇਖਕ ਹਨ। ਗਾਵੰਡੇ ਬਰਿੰਘਮ ਅਤੇ ਔਰਤਾਂ ਦੇ ਹਸਪਤਾਲ ’ਚ ਸਰਜਰੀ ਦੇ ਸਿੰਡੀ ਅਤੇ ਜੌਨ ਫਿਸ਼ ਪ੍ਰੋਫੈਸਰ, ਹਾਰਵਰਡ ਮੈਡੀਕਲ ਸਕੂਲ ਵਿਚ ਸਰਜਰੀ ਦੇ ਸੈਮੂਅਲ ਓ ਥੀਅਰ ਪ੍ਰੋਫੈਸਰ ਅਤੇ ਹਾਰਵਰਡ ਟੀ. ਐੱਚ. ਚੈਨ ਸਕੂਲ ਆਫ਼ ਪਬਲਿਕ ਹੈਲਥ ਵਿਚ ਸਿਹਤ ਨੀਤੀ ਅਤੇ ਪਾਲਿਸੀ ਦੇ ਪ੍ਰੋਫੈਸਰ ਹਨ। 2018 ਤੋਂ 2020 ਤੱਕ ਉਹ ਹੇਵਨ, ਐਮਾਜ਼ਾਨ, ਬਰਕਸ਼ਾਇਰ ਹੈਥਵੇ, ਅਤੇ ਜੇਪੀ ਮੋਰਗਨ ਚੇਜ਼ ਸਿਹਤ ਸੰਭਾਲ ਉੱਦਮ ਦੇ ਸੀ. ਈ. ਓ. ਵੀ ਰਹੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਲਿੰਟਨ ਪ੍ਰਸ਼ਾਸਨ ’ਚ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ’ਚ ਇੱਕ ਸੀਨੀਅਰ ਸਲਾਹਕਾਰ ਵਜੋਂ ਵੀ ਸੇਵਾ ਨਿਭਾਈ ਸੀ। ਇਸ ਦੇ ਨਾਲ ਹੀ ਗਾਵੰਡੇ ਦੋ ਨੈਸ਼ਨਲ ਮੈਗਜ਼ੀਨ ਅਵਾਰਡਾਂ ਦੇ ਜੇਤੂ ਹੋਣ ਦੇ ਨਾਲ ਸਿਹਤ ਅਕਾਦਮੀ ਦੀ ਸਿਹਤ ਸੰਭਾਲ ’ਤੇ ਸਰਬੋਤਮ ਖੋਜ, ਮੈਕ ਆਰਥਰ ਫੈਲੋਸ਼ਿਪ ਅਤੇ ਵਿਗਿਆਨ ਬਾਰੇ ਲਿਖਣ ਲਈ ਲੇਵਿਸ ਥਾਮਸ ਐਵਾਰਡ ਦੇ ਵੀ ਜੇਤੂ ਹਨ।

 


Manoj

Content Editor

Related News