ਸਹੁੰ ਚੁੱਕਣ ਮਗਰੋਂ ਬਾਈਡੇਨ ਪਹਿਲੇ ਸੰਬੋਧਨ ''ਚ ਦੇਸ਼ਵਾਸੀਆਂ ਨੂੰ ਦੇਣਗੇ ਇਕਜੁੱਟਤਾ ਦਾ ਸੰਦੇਸ਼
Wednesday, Jan 20, 2021 - 05:59 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁੱਕਣ ਬਾਅਦ ਜੋਅ ਬਾਈਡੇਨ ਦੇਸ਼ਵਾਸੀਆਂ ਨੂੰ ਆਪਣੇ ਪਹਿਲੇ ਸੰਬੋਧਨ ਵਿਚ ਇਕਜੁੱਟਤਾ ਦਾ ਸੰਦੇਸ਼ ਦੇਣਗੇ। ਨਵੇਂ ਚੁਣੇ ਗਏ ਰਾਸ਼ਟਰਪਤੀ ਦੇ ਕਰੀਬੀ ਸਲਾਹਕਾਰਾਂ ਨੇ ਇਹ ਜਾਣਕਾਰੀ ਦਿੱਤੀ। ਸਲਾਹਕਾਰਾਂ ਮੁਤਾਬਕ ਸਹੁੰ ਚੁੱਕਣ ਮਗਰੋਂ ਆਪਣੇ ਪਹਿਲੇ ਸੰਬੋਧਨ ਵਿਚ ਬਾਈਡੇਨ ਮਹਾਮਾਰੀ ਦੇ ਕਾਰਨ ਪੈਦਾ ਹੋਏ ਸੰਕਟ ਦੌਰਾਨ ਦੇਸ਼ ਨੂੰ ਇਕਜੁੱਟ ਕਰਨ ਦੀ ਲੋੜ 'ਤੇ ਗੱਲ ਕਰਨਗੇ।
ਬਾਈਡੇਨ ਨੂੰ ਚੀਫ ਜਸਟਿਸ ਜੌਨ ਰੌਬਰਟਸ ਕੈਪੀਟਲ ਬਿਲਡਿੰਗ (ਸੰਸਦ ਭਵਨ) ਦੇ ਵੈਸਟ ਫਰੰਟ ਵਿਚ ਦੁਪਹਿਰ 12 ਵਜੇ (ਸਥਾਨਕ ਸਮੇਂ ਮੁਤਾਬਕ)ਅਹੁਦੇ ਅਤੇ ਗੁਪਤਤਾ ਦੀ ਸਹੁੰ ਦਿਵਾਉਣਗੇ। ਨਾਮ ਨਾ ਜ਼ਾਹਰ ਕਰਨ ਦੀ ਸ਼ਰਤ 'ਤੇ ਮੰਗਲਵਾਰ ਨੂੰ ਉਹਨਾਂ ਦੇ ਸਲਾਹਕਾਰਾਂ ਨੇ ਦੱਸਿਆ ਕਿ ਬਾਈਡੇਨ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਅਮਰੀਕਾ ਸਾਹਮਣੇ ਪੇਸ਼ ਆ ਰਹੀਆਂ ਮੁਸ਼ਕਲ ਚੁਣੌਤੀਆਂ ਨਾਲ ਨਜਿੱਠਣ ਵਿਚ ਸਹਿਯੋਗ ਦੀ ਅਪੀਲ ਕਰਨਗੇ। ਬਾਈਡੇਨ ਆਪਣੇ ਕਾਰਜਕਾਲ ਵਿਚ ਅਮਰੀਕੀ ਜਨਤਾ ਨਾਲ ਕੰਮ ਕਰਨ ਨੂੰ ਲੈ ਕੇ ਆਪਣੇ ਦ੍ਰਿਸ਼ਟੀਕੋਣ ਅਤੇ ਉਮੀਦਾਂ ਨੂੰ ਸਾਂਝਾ ਕਰਨਗੇ। ਉਹਨਾਂ ਦਾ ਭਾਸ਼ਣ ਇਕਜੁੱਟਤਾ ਦੇ ਵਿਸ਼ੇ 'ਤੇ ਆਧਾਰਿਤ ਹੋਵੇਗਾ। ਸਲਾਹਕਾਰਾਂ ਨੇ ਦੱਸਿਆ ਕਿ ਇਹ ਭਾਸ਼ਣ 20-30 ਮਿੰਟ ਦਾ ਹੋ ਸਕਦਾ ਹੈ ਅਤੇ ਇਸ ਦਾ ਵਿਸ਼ਾ 'ਅਮਰੀਕਾ ਯੂਨਾਈਟਿਡ' ਹੋਵੇਗਾ।
ਪੜ੍ਹੋ ਇਹ ਅਹਿਮ ਖਬਰ- ਮੈਲਬੌਰਨ ਦੇ ਪਾਰਕ ਹੋਟਲ 'ਚ ਬੰਦੀ ਦਰਜਨਾਂ ਸ਼ਰਨਾਰਥੀ ਰਿਹਾਅ, ਦਿੱਤੇ ਗਏ ਵੀਜ਼ੇ
ਸਲਾਹਕਾਰਾਂ ਨੇ ਕਿਹਾ,''ਜਿਵੇਂ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਦੇ ਦੌਰਾਨ ਵੀ ਕਿਹਾ ਸੀ ਕਿ ਜੇਕਰ ਅਮਰੀਕਾ ਇਕਜੁੱਟ ਰਹੇ ਤਾਂ ਅਜਿਹਾ ਕੁਝ ਵੀ ਨਹੀਂ ਹੈ ਜੋ ਇਹ ਦੇਸ਼ ਨਹੀਂ ਕਰ ਸਕਦਾ ਹੈ।'' ਬਾਈਡੇਨ ਦਾ ਭਾਸ਼ਣ ਲਿਖਣ ਵਾਲੇ ਭਾਰਤੀ ਅਮਰੀਕੀ ਵਿਨੈ ਰੈਡੀ ਹਨ। ਉਹ ਓਹਾਓ ਦੇ ਡੇਟਨ ਵਿਚ ਵੱਡੇ ਹੋਏ ਹਨ ਅਤੇ ਉਪ ਰਾਸ਼ਟਰਪਤੀ ਦੇ ਰੂਪ ਵਿਚ ਬਾਈਡੇਨ ਦੇ 2013-17 ਦੇ ਕਾਰਜਕਾਲ ਦੌਰਾਨ ਉਹ ਉਹਨਾ ਦੇ ਮੁੱਖ ਭਾਸ਼ਣ ਲੇਖਕ ਸਨ। ਰੈਡੀ ਅਜਿਹੇ ਪਹਿਲੇ ਭਾਰਤੀ ਅਮਰੀਕੀ ਵਿਅਕਤੀ ਹਨ ਜੋ ਰਾਸ਼ਟਰਪਤੀ ਦੇ ਭਾਸ਼ਣ ਲੇਖਕ ਦੇ ਤੌਰ 'ਤੇ ਨਿਯੁਕਤ ਹੋਏ ਹਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।