ਬਾਈਡੇਨ ਨੇ ਸੁਰੱਖਿਆ ਪ੍ਰੀਸ਼ਦ ’ਚ ਭਾਰਤ ਦੀ ਸਥਾਈ ਮੈਂਬਰਸ਼ਿਪ ਤੇ NSG ’ਚ ਦਾਖਲੇ ਲਈ ਦੁਹਰਾਇਆ ਸਮਰਥਨ
Saturday, Sep 25, 2021 - 04:24 PM (IST)
ਵਾਸ਼ਿੰਗਟਨ (ਭਾਸ਼ਾ)-ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵ੍ਹਾਈਟ ਹਾਊਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਪਹਿਲੀ ਦੁਵੱਲੀ ਸਿੱਧੀ ਮੁਲਾਕਾਤ ਦੌਰਾਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਭਾਰਤ ਦੀ ਸਥਾਈ ਮੈਂਬਰਸ਼ਿਪ ਅਤੇ ਨਿਊਕਲੀਅਰ ਸਪਲਾਇਰਜ਼ ਗਰੁੱਪ (ਐੱਨ. ਐੱਸ. ਜੀ.) ’ਚ ਨਵੀਂ ਦਿੱਲੀ ਦੇ ਦਾਖਲੇ ਲਈ ਵਾਸ਼ਿੰਗਟਨ ਦੇ ਸਮਰਥਨ ਨੂੰ ਦੁਹਰਾਇਆ ਹੈ। ਵ੍ਹਾਈਟ ਹਾਊਸ ਵਿਖੇ ਦੋਵਾਂ ਨੇਤਾਵਾਂ ਦੀ ਮੁਲਾਕਾਤ ਤੋਂ ਬਾਅਦ ਸ਼ੁੱਕਰਵਾਰ ਨੂੰ ਜਾਰੀ ਸਾਂਝੇ ਬਿਆਨ ’ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ ਰਾਸ਼ਟਰਪਤੀ ਬਾਈਡੇਨ ਨੇ ਅਗਸਤ 2021 ’ਚ ਸੁਰੱਖਿਆ ਪ੍ਰੀਸ਼ਦ ਦੀ ਨਵੀਂ ਦਿੱਲੀ ਵੱਲੋਂ ਕੀਤੀ ਗਈ ਪ੍ਰਧਾਨਗੀ ਦੌਰਾਨ ਭਾਰਤ ਦੀ ‘ਮਜ਼ਬੂਤ ਅਗਵਾਈ’ਦੀ ਸ਼ਲਾਘਾ ਕੀਤੀ ।
ਇਸ ’ਚ ਕਿਹਾ ਗਿਆ , ‘‘ਇਸ ਸੰਦਰਭ ’ਚ ਰਾਸ਼ਟਰਪਤੀ ਬਾਈਡੇਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਭਾਰਤ ਦੀ ਸਥਾਈ ਮੈਂਬਰਸ਼ਿਪ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਸਥਾਈ ਸੀਟ ਲਈ ਬਹੁਪੱਖੀ ਸਹਿਯੋਗ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਦੂਜੇ ਦੇਸ਼ਾਂ ਲਈ ਸੰਯੁਕਤ ਰਾਜ ਦੇ ਸਮਰਥਨ ਨੂੰ ਦੁਹਰਾਇਆ।’’ ਸਾਂਝੇ ਬਿਆਨ ’ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਦਿਆਂ ਰਾਸ਼ਟਰਪਤੀ ਬਾਈਡੇਨ ਨੇ ਪ੍ਰਮਾਣੂ ਸਪਲਾਇਰਜ਼ ਸਮੂਹ (ਐੱਨ. ਐੱਸ. ਜੀ.) ’ਚ ਭਾਰਤ ਦੇ ਦਾਖਲੇ ਲਈ ਅਮਰੀਕਾ ਦੇ ਸਮਰਥਨ ਨੂੰ ਦੁਹਰਾਇਆ।