ਬਾਈਡੇਨ ਅਤੇ ਪੀ.ਐੱਮ. ਮੋਦੀ ਨੇ ਗੱਲਬਾਤ ''ਚ ਚੀਨ ਨੂੰ ਦਿੱਤਾ ਸਖ਼ਤ ਸੰਦੇਸ਼, ਹੋਰ ਮੁੱਦਿਆਂ ''ਤੇ ਵੀ ਚਰਚਾ
Tuesday, Feb 09, 2021 - 05:55 PM (IST)
ਵਾਸ਼ਿੰਗਟਨ/ਨਵੀਂ ਦਿੱਲੀ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਹੁਦਾ ਸੰਭਾਲਣ ਦੇ ਬਾਅਦ ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਹਿੰਦ ਪ੍ਰਸ਼ਾਂਤ ਖੇਤਰ ਵਿਚ ਸੁਤੰਤਰ ਅਤੇ ਮੁਕਤ ਆਵਾਜਾਈ 'ਤੇ ਬਲ ਦਿੰਦੇ ਹੋਏ ਦੱਖਣੀ ਚੀਨ ਸਾਗਰ ਵਿਚ ਦਾਦਾਗਿਰੀ ਦਿਖਾ ਰਹੇ ਡ੍ਰੈਗਨ ਨੂੰ ਸਖ਼ਤ ਸੰਦੇਸ਼ ਦਿੱਤਾ। ਇਹੀ ਨਹੀਂ ਬਾਈਡੇਨ ਅਤੇ ਮੋਦੀ ਨੇ ਐਲਾਨ ਕੀਤਾ ਕਿ ਕਵਾਡ ਜ਼ਰੀਏ ਹਿੰਦ-ਪ੍ਰਸ਼ਾਂਤ ਖੇਤ ਵਿਚ ਖੇਤਰੀ ਅਖੰਡਤਾ ਅਤੇ ਮਜ਼ਬੂਤ ਖੇਤਰੀ ਢਾਂਚੇ ਨੂੰ ਸਮਰਥਨ ਦਿੱਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਜੋਅ ਬਾਈਡੇਨ ਦਾ ਇਸ਼ਾਰਾ ਪੂਰਬੀ ਲੱਦਾਖ ਵਿਚ ਵੱਡੀ ਗਿਣਤੀ ਵਿਚ ਚੀਨ ਦੇ ਸੈਨਿਕਾਂ ਦੇ ਇਕੱਠੇ ਹੋਣ 'ਤੇ ਸੀ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਾਲ ਪਹਿਲੀ ਹੀ ਗੱਲਬਾਤ ਵਿਚ ਕਵਾਡ 'ਤੇ ਜ਼ੋਰ ਦੇ ਕੇ ਬਾਈਡੇਨ ਨੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਹਨ। ਕਵਾਡ ਇਕ ਅਜਿਹਾ ਸੰਗਠਨ ਹੈ ਜਿਸ ਨਾਲ ਚੀਨ ਤਣਾਅ ਵਿਚ ਆ ਗਿਆ ਹੈ ਅਤੇ ਉਹ ਕਈ ਵਾਰ ਭਾਰਤ ਨੂੰ ਇਸ ਤੋਂ ਦੂਰ ਰਹਿਣ ਦੀ ਧਮਕੀ ਦੇ ਚੁੱਕਾ ਹੈ। ਨਾਲ ਹੀ ਨਸੀਹਤ ਦੇ ਰਿਹਾ ਹੈ ਕਿ ਭਾਰਤ ਕਵਾਡ ਤੋਂ ਦੂਰ ਰਹੇ ਅਤੇ ਗੁੱਟ ਨਿਰਪੇਖਤਾ ਦੀ ਆਪਣੀ ਨੀਤੀ ਦੀ ਪਾਲਣਾ ਕਰੇ। ਭਾਵੇਂਕਿ ਭਾਰਤ ਦੇ ਇਰਾਦੇ ਅਟਲ ਹਨ ਅਤੇ ਉਹ ਚੀਨ ਦੇ ਧੋਖੇ ਦਾ ਕਰਾਰਾ ਜਵਾਬ ਦੇਣ ਲਈ ਕਵਾਡ ਨੂੰ ਮਜ਼ਬੂਤ ਕਰਨ ਦੀ ਤਿਆਰੀ ਵਿਚ ਹੈ।
President @JoeBiden and I are committed to a rules-based international order. We look forward to consolidating our strategic partnership to further peace and security in the Indo-Pacific region and beyond. @POTUS
— Narendra Modi (@narendramodi) February 8, 2021
ਗੱਲਬਾਤ ਵਿਚ ਮੋਦੀ ਨੇ ਬਾਈਡੇਨ ਨੂੰ ਉਹਨਾਂ ਦੀ ਸਫਲਤਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਪੀ.ਐੱਮ. ਮੋਦੀ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ।ਦੋਹਾਂ ਨੇਤਾਵਾਂ ਨੇ ਕੋਵਿਡ-19 ਨਾਲ ਮਿਲ ਕੇ ਨਜਿੱਠਣ 'ਤੇ ਸਹਿਮਤੀ ਜ਼ਾਹਰ ਕੀਤੀ। ਨਾਲ ਹੀ ਜਲਵਾਯੂ ਤਬਦੀਲੀ 'ਤੇ ਦੋਹਾਂ ਦੇਸ਼ਾਂ ਵਿਚਾਲੇ ਹਿੱਸੇਦਾਰੀ ਨੂੰ ਨਵਾਂ ਰੂਪ ਦੇਣ, ਦੋਹਾਂ ਦੇਸ਼ਾਂ ਦੇ ਨਾਗਰਿਕਾਂ ਦੇ ਲਾਭ ਲਈ ਗਲੋਬਲ ਅਰਥਵਿਵਸਥਾ ਦੀ ਮੁੜ ਉਸਾਰੀ ਅਤੇ ਅੱਤਵਾਦ ਨਾਲ ਮਿਲ ਕੇ ਮੁਕਾਬਲਾ ਕਰਨ ਦੀ ਵਚਨਬੱਧਤਾ ਵੀ ਜ਼ਾਹਰ ਕੀਤੀ।
ਨੋਟ- ਬਾਈਡੇਨ ਅਤੇ ਮੋਦੀ ਦਰਮਿਆਨ ਹੋਈ ਗੱਲਬਾਤ ਬਾਰੇ ਕੁਮੈਂਟ ਕਰ ਦਿਓ ਰਾਏ।