ਇੰਡੋਨੇਸ਼ੀਆ : ਸਾਲ ਦੇ ਪਹਿਲੇ ਦਿਨ ਆਏ ਹੜ੍ਹ ਕਾਰਨ 23 ਲੋਕਾਂ ਦੀ ਮੌਤ ਤੇ ਹਜ਼ਾਰਾਂ ਹੋਏ ਬੇਘਰ

01/02/2020 11:44:01 AM

ਜਕਾਰਤਾ— ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਚ ਭਿਆਨਕ ਹੜ੍ਹ ਕਾਰਨ ਨਵੇਂ ਸਾਲ ਦਾ ਜਸ਼ਨ ਗਮ 'ਚ ਬਦਲ ਗਿਆ। ਇਸ ਕਾਰਨ ਘੱਟ ਤੋਂ ਘੱਟ 23 ਲੋਕਾਂ ਦੀ ਮੌਤ ਹੋ ਗਈ ਤੇ ਹਜ਼ਾਰਾਂ ਲੋਕਾਂ ਨੂੰ ਘਰ ਛੱਡ ਕੇ ਜਾਣਾ ਪਿਆ। ਅਧਿਕਾਰੀਆਂ ਮੁਤਾਬਕ ਕਈ ਲੋਕ ਲਾਪਤਾ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਹੜ੍ਹ ਕਾਰਨ ਇਕ ਹਵਾਈ ਅੱਡੇ ਨੂੰ ਬੰਦ ਕਰਨਾ ਪਿਆ। ਰਾਸ਼ਟਰੀ ਐਮਰਜੈਂਸੀ ਏਜੰਸੀ ਦੇ ਬੁਲਾਰੇ ਮੁਤਾਬਕ ਮਾਨਸੂਨ ਦੀ ਬਾਰਸ਼ ਅਤੇ ਉਫਾਨ 'ਤੇ ਆਈਆਂ ਨਦੀਆਂ ਕਾਰਨ ਘੱਟ ਤੋਂ ਘੱਟ 169 ਇਲਾਕੇ ਪਾਣੀ 'ਚ ਡੁੱਬ ਗਏ ਹਨ।

PunjabKesari

ਜਕਾਰਤਾ ਦੇ ਬਾਹਰੀ ਜ਼ਿਲ੍ਹਿਆਂ ਬੋਗੋਰ ਅਤੇ ਦੀਪੋਕ 'ਚ ਲੈਂਡ ਸਲਾਈਡ ਹੋਣ ਦੀ ਖਬਰ ਹੈ। ਅਧਿਕਾਰੀਆਂ ਮੁਤਾਬਕ ਹੁਣ ਤਕ 23 ਲੋਕਾਂ ਦੀ ਮੌਤ ਹੋ ਗਈ। ਏਜੰਸੀ ਵਲੋਂ ਜਾਰੀ ਵੀਡੀਓ ਤੇ ਤਸਵੀਰਾਂ 'ਚ ਪਾਣੀ 'ਚ ਤੈਰਦੀਆਂ ਕਾਰਾਂ ਦਿਖਾਈ ਦੇ ਰਹੀਆਂ ਹਨ। ਹੜ੍ਹ ਕਾਰਨ ਹਜ਼ਾਰਾਂ ਘਰ ਅਤੇ ਇਮਾਰਤਾਂ ਡੁੱਬ ਗਈਆਂ ਹਨ ਅਤੇ ਅਧਿਕਾਰੀਆਂ ਨੂੰ ਬਿਜਲੀ ਅਤੇ ਪਾਣੀ ਦੀ ਸਪਲਾਈ ਰੋਕਣੀ ਪਈ। ਉਨ੍ਹਾਂ ਦੱਸਿਆ ਕਿ ਕੁਝ ਸਥਾਨਾਂ 'ਤੇ ਹੜ੍ਹ ਦਾ ਪਾਣੀ ਅੱਠ ਫੁੱਟ ਉੱਪਰ ਤਕ ਪੁੱਜਣ ਕਾਰਨ 31,000 ਤੋਂ ਵਧੇਰੇ ਲੋਕਾਂ ਨੂੰ ਅਸਥਾਈ ਸ਼ੈਲਟਰ ਹੋਮਜ਼ 'ਚ ਸ਼ਰਣ ਲੈਣੀ ਪਈ। ਹਵਾਈ ਕੰਪਨੀ ਨੇ ਦੱਸਿਆ ਕਿ ਹੜ੍ਹ ਕਾਰਨ ਜਕਾਰਤਾ ਹਲੀਮ ਪੇਰਡਾਨਾਕੁਸਮਾਹ ਘਰੇਲੂ ਹਵਾਈ ਅੱਡੇ ਦਾ ਰਨਵੇਅ ਡੁੱਬ ਗਿਆ ਅਤੇ ਇਸ ਨੂੰ ਬੰਦ ਕਰਨਾ ਪਿਆ।


Related News