ਪਾਕਿ ਹਵਾਈ ਫੌਜ ਦੇ ਲੜਾਕੂ ਜਹਾਜ਼ ਨੇ ਸਿਆਚਿਨ ਨੇੜੇ ਭਰੀ ਉਡਾਣ

05/24/2017 4:39:14 PM

ਇਸਲਾਮਾਬਾਦ— ਪਾਕਿਸਤਾਨ ਦੇ ਲੜਾਕੂ ਜਹਾਜ਼ ਨੇ ਬੁੱਧਵਾਰ (24 ਮਈ) ਨੂੰ ਸਵੇਰੇ ਸਿਆਚਿਨ ਗਲੇਸ਼ੀਅਰ ਦੇ ਨੇੜੇ ਉਡਾਣ ਭਰੀ ਪਰ ਭਾਰਤੀ ਹਵਾਈ ਫੌਜ ਦੇ ਸੂਤਰਾਂ ਨੇ ਕਿਹਾ ਕਿ ਭਾਰਤ ਦੇ ਹਵਾਈ ਖੇਤਰ ਦਾ ਕੋਈ ਉਲੰਘਣ ਨਹੀ ਹੋਇਆ। ਇਕ ਨਿਊਜ਼ ਏਜੰਸੀ ਦੀ ਖ਼ਬਰ ਮੁਤਾਬਕ ਪਾਕਿਸਤਾਨੀ ਹਵਾਈ ਫੌਜ (ਪੀ.ਏ.ਐੱਫ) ਦੇ ਜਹਾਜ਼ਾਂ ਨੇ ਬੁੱਧਵਾਰ ਦੀ ਸਵੇਰ ਨੂੰ ਸਿਆਚਿਨ ਗਲੇਸ਼ੀਅਰ ਨੇੜੇ ਉਡਾਣ ਭਰੀ। ਸੂਤਰਾਂ ਦੇ ਹਵਾਲੇ ਤੋਂ ਮਿਲੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਪੀ.ਏ.ਐੱਫ ਦੇ ਸਾਰੇ ਅਡਵਾਂਸ ਓਪਰੇਟਿੰਗ ਅਦਾਰਿਆਂ ਨੂੰ ਪੂਰੀ ਤਰ੍ਹਾਂ ਸਰਗਰਮ ਕਰ ਦਿੱਤਾ ਗਿਆ ਹੈ। ਪੀ.ਐੱਫ.ਏ ਦੇ ਜਹਾਜ਼ਾਂ ਦੀ ਉਡਾਣ ਅਡਵਾਂਸ ਅਦਾਰਿਆਂ ਨੂੰ ਸਰਗਰਮ ਕੀਤੇ ਜਾਣ ਤੋਂ ਬਾਅਦ ਕੀਤੇ ਜਾਣ ਵਾਲੇ ਅਭਿਆਸ ਦਾ ਹਿੱਸਾ ਹੈ। ਨਵੀਂ ਦਿੱਲੀ 'ਚ ਭਾਰਤੀ ਹਵਾਈ ਫੌਜ ਦੇ ਸੂਤਰਾਂ ਨੇ ਕਿਹਾ ਕਿ ਭਾਰਤੀ ਹਵਾਈ ਖੇਤਰ ਦਾ ਕੋਈ ਉਲੰਘਣ ਨਹੀਂ ਹੋਇਆ। ਇਹ ਰਿਪੋਰਟ ਭਾਰਤੀ ਫੌਜ ਦੇ ਉਸ ਐਲਾਨ ਤੋਂ ਬਾਅਦ ਆਈ ਹੈ ਕਿ ਭਾਰਤ ਨੇ ਇਸ ਮਹੀਨੇ ਦੇ ਸ਼ੁਰੂ 'ਚ ਕੰਟਰੋਲ ਰੇਖਾ ਦੇ ਪਾਰ ਪਾਕਿਸਤਾਨੀ ਠਿਕਾਣਿਆਂ 'ਤੇ 'ਦੰਡਾਤਮਕ' ਹਮਲੇ ਕੀਤੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਹਵਾਈ ਫੌਜ ਦੇ ਪ੍ਰਮੁੱਖ ਸੁਹੇਲ ਅਮਾਨ ਨੇ ਬੁੱਧਵਾਰ (24 ਮਈ) ਨੂੰ ਸਕਾਰਦੂ ਸਥਿਤ ਹਵਾਈ ਫੌਜ ਸੰਸਥਾਨ ਦਾ ਦੌਰਾ ਕੀਤਾ ਅਤੇ ਮਿਰਾਜ਼ ਜਹਾਜ਼ ਉਡਾਇਆ। ਪੀ.ਏ.ਐੱਫ ਅਨੁਸਾਰ, ਅਮਾਨ ਨੇ ਪਾਈਲਟਾਂ ਅਤੇ ਤਕਨੀਕੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਲੜਾਕੂ ਜਹਾਜ਼ਾਂ ਦੀ ਇਕ ਸਕੁਆਰਡਨ ਨੇ ਵੱਧ ਉੱਚਾਈ ਅਤੇ ਘੱਟ ਉੱਚਾਈ 'ਤੇ ਜਹਾਜ਼ ਉੱਡਾਏ। ਸਿਆਚਿਨ ਗਲੇਸ਼ੀਅਰ ਧਰਤੀ 'ਤੇ ਸਭ ਤੋਂ ਉੱਚਾ ਯੁੱਧ ਖੇਤਰ ਹੈ। ਇਹ ਹਿਮਾਲਿਆ ਪਰਬਤ ਲੜੀ 'ਚ ਪੂਰਬੀ ਕਾਰਕੋਰਮ ਰੇਂਜ 'ਚ ਸਥਿਤ ਹੈ, ਜਿੱਥੇ ਭਾਰਤ-ਪਾਕਿਸਤਾਨ ਵਿਚਕਾਰ ਕੰਟਰੋਲ ਰੇਖਾ ਖ਼ਤਮ ਹੁੰਦੀ ਹੈ।


Related News