ਕੋਰੋਨਾ ਆਫ਼ਤ ਦਰਮਿਆਨ ਜਾਪਾਨ ਨੇ 30 ਸਤੰਬਰ ਤੱਕ ਵਧਾਈ ਐਮਰਜੈਂਸੀ
Thursday, Sep 09, 2021 - 03:40 PM (IST)

ਟੋਕੀਓ (ਏ. ਪੀ.)-ਜਾਪਾਨ ’ਚ ਕੋਵਿਡ -19 ਦੇ ਮਾਮਲਿਆਂ ’ਚ ਮਾਮੂਲੀ ਕਮੀ ਆਉਣ ਦੇ ਬਾਵਜੂਦ ਸਿਹਤ ਪ੍ਰਣਾਲੀ ’ਤੇ ਦਬਾਅ ਦੇ ਮੱਦੇਨਜ਼ਰ ਵੀਰਵਾਰ ਨੂੰ ਟੋਕੀਓ ਅਤੇ 18 ਹੋਰ ਖੇਤਰਾਂ ’ਚ 30 ਸਤੰਬਰ ਤੱਕ ਐਮਰਜੈਂਸੀ ਦੀ ਸਥਿਤੀ ਵਧਾਉਣ ਦਾ ਐਲਾਨ ਕੀਤਾ ਗਿਆ । ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਕਿਹਾ ਕਿ ਗੰਭੀਰ ਮਾਮਲਿਆਂ ਦੀ ਗਿਣਤੀ ਅਜੇ ਵੀ ਜ਼ਿਆਦਾ ਹੈ ਅਤੇ ਬਹੁਤ ਸਾਰੇ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ। ਮੌਜੂਦਾ ਐਮਰਜੈਂਸੀ ਐਤਵਾਰ ਨੂੰ ਖ਼ਤਮ ਹੋਣ ਵਾਲੀ ਸੀ। ਕੋਵਿਡ-19 ਦੇ ਮਾਮਲਿਆਂ ’ਚ ਵਾਧੇ ਤੋਂ ਬਾਅਦ ਮਈ ’ਚ ਓਕੀਨਾਵਾ ਵਿਚ ਸਭ ਤੋਂ ਪਹਿਲਾਂ ਐਮਰਜੈਂਸੀ ਐਲਾਨੀ ਗਈ ਸੀ, ਜਿਸ ਤੋਂ ਬਾਅਦ ਮਈ ’ਚ ਹੋਰ ਖੇਤਰਾਂ ’ਚ ਲਾਗੂ ਕੀਤੀ ਗਈ।
ਲੰਮੀ ਐਮਰਜੈਂਸੀ ਦੇ ਵਿਚਕਾਰ ਸਵੈ-ਇੱਛੁਕ ਤੌਰ ’ਤੇ ਚੁੱਕਣ ਵਾਲੇ ਕਦਮ ਘੱਟ ਪ੍ਰਭਾਵਸ਼ਾਲੀ ਸਨ ਕਿਉਂਕਿ ਲੰਬੇ ਸਮੇਂ ਤੋਂ ਇਸ ਸਥਿਤੀ ’ਚ ਰਹਿ ਰਹੇ ਲੋਕਾਂ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਐਮਰਜੈਂਸੀ ਦੇ ਵਿਸਥਾਰ ਦਾ ਮਤਲਬ ਹੈ ਕਿ ਜਾਪਾਨ ’ਚ ਸੱਤਾ ਦਾ ਤਬਾਦਲਾ ਐਮਰਜੈਂਸੀ ਵਿਚਾਲੇ ਹੀ ਹੋਵੇਗਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸੁਗਾ ਸੱਤਾਧਾਰੀ ਪਾਰਟੀ ਦੀ ਅਗਵਾਈ ਕਰਨ ਲਈ ਆਪਣੀ ਉਮੀਦਵਾਰੀ ਪੇਸ਼ ਨਹੀਂ ਕਰਨਗੇ, ਜਿਸ ਦੀ ਚੋਣ 29 ਸਤੰਬਰ ਨੂੰ ਹੋਣੀ ਹੈ। ਉਨ੍ਹਾਂ ਦੇ ਉੱਤਰਾਧਿਕਾਰੀ ਹੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਤੇਜ਼ੀ ਨਾਲ ਕਾਰਵਾਈ ਨਾ ਕਰਨ ਅਤੇ ਜਨਤਕ ਸਿਹਤ ਸਬੰਧੀ ਚਿੰਤਾਵਾਂ ਦੇ ਬਾਵਜੂਦ ਓਲੰਪਿਕਸ ਦੇ ਆਯੋਜਨ ਲਈ ਦੇਸ਼ ਭਰ ’ਚ ਸੁਗਾ ਦੀ ਆਲੋਚਨਾ ਕੀਤੀ ਗਈ ਹੈ।